ਰਾਜਪੁਰਾ : ਜਦੋਂ ਵੀ ਕਦੇ ਪੰਜਾਬ ਦੇ ਖਿੱਤਿਆਂ ਦੀ ਗੱਲ ਚਲਦੀ ਹੈ ਤਾਂ ਸਿਰਫ ਮਾਝੇ, ਮਾਲਵੇ ਤੇ ਦੁਆਬੇ ਦਾ ਹੀ ਜ਼ਿਕਰ ਹੁੰਦਾ ਹੈ। ਦੁਆਬੇ ਦੇ ਰਕਬੇ ਦੇ ਬਰਾਬਰ ਪੁਆਧ ਦੇ ਇਲਾਕੇ ਦਾ ਕਦੇ ਵੀ ਮੀਡੀਆ ਵਿਚ ਜ਼ਿਕਰ ਨਹੀਂ ਕੀਤਾ ਜਾਂਦਾ। ਇਸ ਕਰਕੇ ਬਹੁਤੇ ਪੁਆਧ ਦੇ ਲੋਕ ਆਪ ਵੀ ਨਹੀਂ ਜਾਣਦੇ ਕਿ ਉਹ ਪੁਆਧ ਵਿਚ ਰਹਿੰਦੇ ਹਨ। ਬਹੁਤੇ ਪੁਆਧੀਏ ਇਸੇ ਕਰਕੇ ਹੀ ਆਪਣੀ ਬੋਲੀ ਪੁਆਧੀ ਬਾਰੇ ਇੰਨਾ ਜ਼ਿਆਦਾ ਘਟੀਆਪਣ ਦਾ ਸ਼ਿਕਾਰ ਹੋ ਗਏ ਹਨ ਕਿ ਉਹ ਇਸ ਨੂੰ ਹੋਰ ਲੋਕਾਂ ਸਾਹਮਣੇ ਬੋਲਣ ਤੋਂ ਗੁਰੇਜ਼ ਕਰਦੇ ਹਨ। ਅਜਿਹੇ ਹਾਲਤਾਂ ਵਿਚ ਪੁਆਧੀ ਫਿਲਮ 'ਕੀਮਤ' ਦਾ ਪੰਜਾਬੀ ਸਿਨੇਮਾ ਵਿਚ ਆਉਣਾ ਇਸ ਤਰ•ਾਂ ਲਗਦਾ ਜਿਵੇਂ ਕੋਈ ਜਰਗ ਦੇ ਮੇਲੇ 'ਚ ਜਲੇਬੀਆਂ ਦੀ ਦੁਕਾਨ ਸਾਹਮਣੇ ਟਿੰਡੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਪਹਿਲੀ ਪੁਆਧੀ ਫਿਲਮ ਕੀਮਤ ਪੁਆਧੀ ਬੋਲੀ ਨੂੰ ਹੋਰ ਬੋਲੀਆਂ ਦੇ ਬਰਾਬਰ ਖੜੇ ਕਰਨ ਦਾ ਯਤਨ ਹੈ। ਇਸ ਬਾਰੇ ਗੱਲ ਕਰਦਿਆਂ ਪੁਆਧੀ ਦੇ ਪ੍ਰਚਾਰਕ ਮਨਜੀਤ ਸਿੰਘ ਰਾਜਪੁਰਾ ਨੇ ਕਿਹਾ ਕਿ ਇਹ ਸਿਰਫ ਫਿਲਮ ਨਹੀਂ ਸੱਗੋਂ ਸਾਡੀ ਜ਼ੁਬਾਨ ਤੇ ਪਛਾਣ ਦੀ ਲੜਾਈ ਹੈ। ਅਸੀਂ ਇਸ ਫਿਲਮ ਰਾਹੀਂ ਪੁਆਧੀਆਂ ਦੇ ਮਨਾਂ ਵਿਚੋਂ ਆਪਣੀ ਬੋਲੀ ਪ੍ਰਤੀ ਪੈਦਾ ਹੋਇਆ ਘਟੀਆਪਣ ਦੂਰ ਕਰਕੇ, ਉਨ•ਾਂ ਨੂੰ ਜਨਤਕ ਤੌਰ 'ਤੇ ਸਭ ਦੇ ਸਾਮਹਣੇ ਬੋਲਣ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਉਨ•ਾਂ ਦੱਸਿਆ ਕਿ ਫਿਲਮ ਲਈ ਸਭ ਤੋਂ ਵੱਡੀ ਸਮੱਸਿਆ ਪੈਸਿਆਂ ਦੀ ਸੀ। ਇਸ ਲਈ ਦੋਸਤਾਂ ਤੋਂ ਸਹਾਇਤਾ ਇਕੱਠੀ ਕਰਕੇ ਫਿਲਮ ਬਣਾਈ ਗਈ ਹੈ। ਉਨ•ਾਂ ਪੁਆਧੀ 'ਚ ਕਿਹਾ, '' ਇਬ ਨਿਕੜੇਂਗੇ ਅਸਲੀ ਚੰਗਿਆੜੇ, ਦੁੱਧ ਪੀਣੇ ਨੂੰ ਤਿਆਰ ਰਹੋ, ਬਹੁਤ ਪੀ ਲੇ ਕਾੜ•ੇ।''
ਉਨ•ਾਂ ਦੱਸਿਆ ਕਿ ਇਹ ਫਿਲਮ ਬਣਾਉਣ ਲਈ ਪਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ ਕਾਹਨ ਸਿੰਘ ਪੰਨੂ, ਜਿਹੜੇ ਕਿ ਪੁਆਧੀ ਹੋਣ ਕਰਕੇ ਪੁਆਧੀ ਲਹਿਜੇ ਨੂੰ ਬਹੁਤ ਪਿਆਰ ਕਰਦੇ ਹਨ, ਨੇ ਬਹੁਤ ਹੱਲਾਸ਼ੇਰੀ ਦਿੱਤੀ।
ਫਿਲਮ ਦੇ ਡਾਇਰੈਕਟਰ ਗੁਲਜਾਰ ਸਿੰਘ ਨੇ ਕਿਹਾ ਕਿ ਭਾਵੇਂ ਮੇਰਾ ਆਪਣਾ ਲਹਿਜਾ ਮਝੈਲ ਹੈ ਪਰ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਮਾਂ ਬੋਲੀ ਦੇ ਸਾਰੇ ਹੀ ਲਹਿਜੇ ਆਪਣੇ ਆਪ ਵਿਚ ਵੰਨ ਸੁਵੰਨੇ ਹਨ ਤੇ ਸਾਨੂੰ ਇਨ•ਾਂ ਸਾਰਿਆਂ ਦੀ ਕਦਰ ਕਰਨੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਫਿਲਮ ਨੂੰ ਬਣਾਉਣ ਵਿਚ ਬਹੁਤ ਸਾਰੀਆਂ ਔਕੜਾਂ ਆਈਆਂ। ਪਹਿਲੀ ਗੱਲ ਤਾਂ ਪੁਆਧੀ ਬੋਲਣ ਵਾਲੇ ਕਲਾਕਾਰ ਹੀ ਨਹੀਂ ਮਿਲਦੇ। ਦੂਜਾ ਹੋਰ ਇਲਾਕਿਆਂ ਦੇ ਕਲਾਕਾਰਾਂ ਤੋਂ ਪੁਆਧੀ ਲਹਿਜਾ ਬੁਲਾਉਣਾ ਵੀ ਬਹੁਤ ਵੱਡੀ ਸਮੱਸਿਆ ਹੈ। ਪਰ ਫੇਰ ਵੀ ਅਸੀਂ ਯਤਨ ਕੀਤਾ ਹੈ। ਫਿਲਮ ਪੰਜ ਜਨਵਰੀ ਨੂੰ ਰਾਜਪੁਰੇ ਦੇ ਐਲਪਸ ਸਿਨੇਮੇ 'ਚ ਲਗ ਰਹੀ ਹੈ।
ਇਸ ਫਿਲਮ ਵਿਚ ਮਲਕੀਤ ਰੌਣੀ, ਬਲਵਿੰਦਰ ਬੁਲਟ, ਨਰਿੰਦਰ ਭਿੰਡਰ, ਗੁਰਜੀਤ ਸੋਹੀ, ਦਲਜੀਤ ਸਿੰਘ, ਪਵਨਦੀਪ ਕੌਰ ਜੌਹਲ ਆਦਿ ਨੇ ਕੰਮ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਮਲੂਕ ਸਿੰਘ ਹਨ ਤੇ ਐਡੀਟਿੰਗ ਮਨੀਸ਼ਾ ਸ਼ਰਮਾ ਨੇ ਕੀਤੀ ਹੈ।