ਅੰਮ੍ਰਿਤਸਰ :ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਏ.ਡੀ. (ਅਲਪਰ-ਡੋਗਰ) ਸਾਂਇਟੇਫਿਕ ਇੰਡੈਕਸ-2022 ਦੁਆਰਾ ਰਾਸ਼ਟਰੀ ਪੱਧਰ `ਤੇ ਸਰਵੇਖਣ ਕੀਤੀਆਂ 2146 ਯੂਨੀਵਰਸਿਟੀਆਂ ਵਿੱਚੋਂ 19ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਨੂੰ ਏਸ਼ੀਆ ਦੀਆਂ 6569 ਯੂਨੀਵਰਸਿਟੀਆਂ ਵਿੱਚੋਂ 155ਵੇਂ ਸਥਾਨ `ਤੇ ਵੀ ਸੂਚੀਬੱਧ ਕੀਤਾ ਗਿਆ ਹੈ। ਵਿਸ਼ਵ ਪੱਧਰ `ਤੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗੂਗਲ ਸਕਾਲਰ ਦੁਆਰਾ ਸਰਵੇਖਣ ਕੀਤੀਆਂ ਗਈਆਂ 14339 ਵਿਸ਼ਵ ਯੂਨੀਵਰਸਿਟੀਆਂ ਵਿੱਚੋਂ 824ਵੇਂ ਸਥਾਨ `ਤੇ ਰੱਖਿਆ ਗਿਆ ਹੈ। ਯੂਨੀਵਰਸਿਟੀ ਦੇ 91 ਵਿਗਿਆਨੀਆਂ ਨੂੰ ਵੀ ਵੱਖ-ਵੱਖ ਖੇਤਰਾਂ ਜਿਸ ਵਿੱਚ ਮੈਡੀਕਲ ਅਤੇ ਸਿਹਤ ਵਿਗਿਆਨ, ਕੁਦਰਤੀ ਵਿਗਿਆਨ, ਇੰਜੀਨੀਅਰਿੰਗ ਅਤੇ ਤਕਨਾਲੋਜੀ, ਖੇਤੀਬਾੜੀ, ਵਪਾਰ ਪ੍ਰਬੰਧਨ, ਅਰਥ ਸ਼ਾਸਤਰ, ਸਿੱਖਿਆ, ਸਮਾਜਿਕ ਵਿਗਿਆਨ ਆਦਿ ਸ਼ਾਮਲ ਹਨ ਵਿਚ ਵਿਗਿਆਨਕ ਇੰਡੈਕਸ-2022 ਵਿੱਚ ਸੂਚੀਬੱਧ ਕੀਤਾ ਗਿਆ ਹੈ। ਇੰਡੈਕਸ ਵਿੱਚ ਸਿਖਰ ਦੇ 100, 000 ਵਿਗਿਆਨੀਆਂ ਦੀ ਸੂਚੀ ਵਿੱਚ ਯੂਨੀਵਰਸਿਟੀ ਦੇ 16 ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਅਲਪਰ-ਡੋਗਰ ਸਾਇੰਟਿਫਿਕ ਇੰਡੈਕਸ, ਇੱਕ ਰੈਂਕਿੰਗ ਅਤੇ ਵਿਸ਼ਲੇਸ਼ਣ ਕਰਨ ਵਾਲੀ ਪ੍ਰਣਾਲੀ ਹੈ ਜੋ ਐਚ ਇੰਡੈਕਸ, ਗੂਗਲ ਸਕਾਲਰ ਵਿੱਚ ਸਾਈਟੇਸ਼ਨ-ਇੰਡੈਕਸ, ਆਈ 10 ਇੰਡੈਕਸ ਸਕੋਰ ਦੇ ਆਧਾਰ ‘ਤੇ ਵਿਗਿਆਨੀਆਂ ਦੇ ਕੁੱਲ ਅਤੇ ਪਿਛਲੇ ਪੰਜ ਸਾਲਾਂ ਦੇ ਉਤਪਾਦਕਤਾ ਗੁਣਾਂਕ ਨੂੰ ਦਰਸਾਉਂਦੀ ਹੈ। ਅਜਿਹੇ ਵਿਸ਼ਲੇਸ਼ਣ ਸੰਸਥਾਵਾਂ ਦੁਆਰਾ ਲਾਗੂ ਕੀਤੀਆਂ ਗਈਆਂ ਕਈ ਨੀਤੀਆਂ ਦੇ ਮੱਧਮ ਅਤੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਪ੍ਰਗਟ ਕਰਨ ਵਿੱਚ ਵੀ ਮਦਦ ਕਰਦੇ ਹਨ, ਜਿਸ ਵਿੱਚ ਅਕਾਦਮਿਕ ਸਟਾਫ ਦੀ ਰੁਜ਼ਗਾਰ ਅਤੇ ਧਾਰਨ ਨੀਤੀਆਂ, ਤਨਖਾਹ ਨੀਤੀਆਂ, ਅਕਾਦਮਿਕ ਪ੍ਰੋਤਸਾਹਨ, ਅਤੇ ਵਿਗਿਆਨਕ ਕੰਮ ਕਰਨ ਵਾਲੇ ਵਾਤਾਵਰਣ ਸ਼ਾਮਲ ਹਨ। " ਵਿਗਿਆਨਕ ਇੰਡੈਕਸ" ਦੁਆਰਾ ਇੱਕ ਵਿਅਕਤੀਗਤ ਵਿਗਿਆਨੀ ਦੀ ਦਰਜਾਬੰਦੀ ਨੂੰ ਵੀ ਸ਼ਾਮਿਲ ਕਰਦੀ ਹੈ ਜਿਸ ਵਿਚ 112 ਵਿਸ਼ਿਆਂ (ਖੇਤੀਬਾੜੀ ਅਤੇ ਜੰਗਲਾਤ, ਕਲਾ, ਡਿਜ਼ਾਈਨ ਅਤੇ ਆਰਕੀਟੈਕਚਰ, ਵਪਾਰ ਅਤੇ ਪ੍ਰਬੰਧਨ, ਅਰਥ ਸ਼ਾਸਤਰ ਅਤੇ ਅਰਥ ਸ਼ਾਸਤਰ, ਸਿੱਖਿਆ, ਇੰਜੀਨੀਅਰਿੰਗ ਅਤੇ ਤਕਨਾਲੋਜੀ, ਇਤਿਹਾਸ, ਦਰਸ਼ਨ, ਧਰਮ ਸ਼ਾਸਤਰ, ਕਾਨੂੰਨ, ਕਾਨੂੰਨੀ ਅਧਿਐਨ, ਮੈਡੀਕਲ ਅਤੇ ਸਿਹਤ ਵਿਗਿਆਨ, ਕੁਦਰਤੀ ਵਿਗਿਆਨ, ਸਮਾਜਿਕ ਵਿਗਿਆਨ ਅਤੇ ਹੋਰ), 256 ਸ਼ਾਖਾਵਾਂ, 14, 153 ਸੰਸਥਾਵਾਂ, 215 ਦੇਸ਼ ਅਤੇ 10 ਖੇਤਰ (ਅਫਰੀਕਾ, ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਓਸ਼ੇਨੀਆ, ਅਰਬ ਲੀਗ, ਈਈਸੀਏ, ਬ੍ਰਿਕਸ, ਲਾਤੀਨੀ ਅਮਰੀਕਾ ਅਤੇ ਕੋਮੇਸਾ) ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਜਸਪਾਲ ਸਿੰਘ ਸੰਧੂ ਦੀ ਦੂਰਅੰਦੇਸ਼ੀ ਅਗਵਾਈ ਹੇਠ ਯੂਨੀਵਰਸਿਟੀ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਬੁਲੰਦੀਆਂ ਵੱਲ ਵਧ ਰਹੀ ਹੈ। ਹਾਲ ਹੀ ਵਿੱਚ, ਸਟੈਨਫੋਰਡ ਯੂਨੀਵਰਸਿਟੀ, ਯੂਐਸਏ ਨੇ ਵੀ ਵਿਸ਼ਵ ਦੇ ਸਿਖਰਲੇ 2% ਵਿਗਿਆਨੀਆਂ ਦੀ ਸੂਚੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 13 ਵਿਗਿਆਨੀਆਂ ਦੀ ਪਛਾਣ ਕੀਤੀ ਹੈ। ਵੱਕਾਰੀ ਨੇਚਰ ਇੰਡੈਕਸ ਵਿਚ ਵੀ ਯੂਨੀਵਰਸਿਟੀ ਦਾ ਪੰਜਾਬ ਦੀਆਂ ਚੋਟੀ ਦੀਆਂ 4 ਸੰਸਥਾਵਾਂ ਅਤੇ ਉੱਤਰੀ ਭਾਰਤ ਦੀਆਂ 10 ਸੰਸਥਾਵਾਂ ਵਿੱਚੋਂ ਨਾਂ ਵੀ ਸ਼ਾਮਿਲ ਹੈ। ਯੂਨੀਵਰਸਿਟੀ ਵਿਸ਼ਵ ਦੇ 83 ਤੋਂ ਵੱਧ ਦੇਸ਼ਾਂ ਦੇ ਸਹਿਯੋਗ ਨਾਲ ਗੁਣਵੱਤਾ ਵਾਲੇ ਖੋਜ ਪੱਤਰ ਪ੍ਰਕਾਸ਼ਿਤ ਕਰਨ ਵਿੱਚ ਮਾਣ ਮਹਿਸੂਸ ਕਰਦੀ ਹੈ। ਵਰਲਡ ਯੂਨੀਵਰਸਿਟੀ ਰੈਂਕਿੰਗ 2022 ਨੇ ਵੀ ਯੂਨੀਵਰਸਿਟੀ ਨੂੰ ਏਸ਼ੀਆ ਖੇਤਰ ਵਿੱਚ ਪੰਜਾਬ ਦੀਆਂ 5 ਸਰਵੋਤਮ ਸੰਸਥਾਵਾਂ ਵਿੱਚ ਸ਼ਾਮਲ ਕੀਤਾ ਹੈ। - ਕਿਊਐਸ-ਆਈਗੇਜ਼ ਰੇਟਿੰਗ ਸਿਸਟਮ ਨੇ ਯੂਨੀਵਰਸਿਟੀ ਨੂੰ ਖੋਜ, ਫੈਕਲਟੀ ਗੁਣਵੱਤਾ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਡਾਇਮੰਡ ਸ਼੍ਰੇਣੀ ਵਿੱਚ ਦਰਜਾ ਦਿੱਤਾ ਹੈ। "ਦਿ ਵੀਕ", "ਇੰਡੀਆ ਟੂਡੇ" ਅਤੇ "ਆਉਟਲੁੱਕ" ਮੈਗਜ਼ੀਨਾਂ ਵਰਗੇ ਵੱਖ-ਵੱਖ ਮੈਗਜ਼ੀਨਾਂ ਦੁਆਰਾ ਕਰਵਾਈ ਗਈ ਰੈਂਕਿੰਗ ਨੇ ਵੀ ਯੂਨੀਵਰਸਿਟੀ ਨੂੰ ਦੇਸ਼ ਵਿੱਚ ਕ੍ਰਮਵਾਰ 7ਵੇਂ, 11ਵੇਂ ਅਤੇ 17ਵੇਂ ਸਥਾਨ `ਤੇ ਰੱਖਿਆ ਹੈ।ਯੂਨੀਵਰਸਿਟੀ ਦਾ ਐਚ-ਇੰਡੈਕਸ ਵੀ ਪੰਜਾਬ ਰਾਜ ਦੀਆਂ ਸਾਰੀਆਂ ਸੰਸਥਾਵਾਂ ਵਿੱਚੋਂ ਦੂਜਾ ਸਭ ਤੋਂ ਉੱਚਾ ਹੈ।
ਵਾਈਸ-ਚਾਂਸਲਰ ਪ੍ਰੋ. ਸੰਧੂ ਨੇ ਫੈਕਲਟੀ ਅਤੇ ਖੋਜ ਵਿਦਿਆਰਥੀਆਂ ਨੂੰ ਖੋਜ ਵਿਕਾਸ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਨਾਮਣਾ ਖੱਟਣ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਹੈ ਕਿ ਯੂਨੀਵਰਸਿਟੀ ਇਸੇ ਤਰ੍ਹਾਂ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦੀ ਰਹੇ।