ਚੰਡੀਗੜ੍ਹ: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਟੋਕੀਓ ਉਲੰਪਿਕਸ-2021 ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਸੂਬੇ ਲਈ ਵੱਧ ਤੋਂ ਵੱਧ ਉਲੰਪਿਕ ਕੋਟਾ ਹਾਸਲ ਕਰਨਾ ਸਾਡਾ ਮੁੱਖ ਟੀਚਾ ਹੈ, ਜਿਸ ਦੀ ਪ੍ਰਾਪਤੀ ਲਈ ਖੇਡ ਵਿਭਾਗ ਦੀ ਅਗਵਾਈ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਅਤੇ ਹੋਰ ਸਬੰਧਤ ਸੰਸਥਾਵਾਂ ਦਿਨ-ਰਾਤ ਜੁਟੀਆਂ ਹੋਈਆਂ ਹਨ। ਰਾਣਾ ਸੋਢੀ ਨੇ ਇੱਥੇ ਪੰਜਾਬ ਮਿਊਂਸਿਪਲ ਭਵਨ ਵਿਖੇ ਸਾਲ 2017-18 ਦੌਰਾਨ ਸੂਬੇ ਲਈ ਨਾਮਣਾ ਖੱਟਣ ਵਾਲੇ 90 ਖਿਡਾਰੀਆਂ ਨੂੰ ਕਰੀਬ 1.66 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ।