ਅੰਮ੍ਰਿਤਸਰ::  ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਮਰੀਕਾ ਦੀ ਰਾਜਧਾਨੀ ਨਿਊਯਾਰਕ ਵਿਖੇ ਸਿੱਖਾਂ ਦੇ ਕੇਂਦਰੀ ਅਸਥਾਨ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊ ਯਾਰਕ ਵਿਖੇ ਬੁੱਢਾ ਦਲ ਪਾਸ ਪੁਰਾਤਨ ਇਤਿਹਾਸਕ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ। ਉਨ੍ਹਾਂ ਨੇ ਦਸਿਆ ਕਿ ਬੁੱਢਾ ਦਲ ਪਾਸ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਗੁਰੂ ਮਹਿਲਾਂ,  ਸਾਹਿਬਜ਼ਾਦਿਆਂ ਅਤੇ ਬੁੱਢਾ ਦਲ ਦੇ ਪਹਿਲੇ ਮੁਖੀ ਬਾਬਾ ਬਿਨੋਦ ਸਿੰਘ,  ਬਾਬਾ ਬੰਦਾ ਸਿੰਘ ਬਹਾਦਰ,  ਨਵਾਬ ਕਪੂਰ ਸਿੰਘ,  ਬਾਬਾ ਜੱਸਾ ਸਿੰਘ ਆਹਲੂਵਾਲੀਆ,  ਬਾਬਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਸਤਰਾਂ ਤੋਂ ਇਲਾਵਾ ਉਹ ਇਤਿਹਾਸਕ ਨਗਾਰਾ ਮੌਜੂਦ ਹੈ ਜਿਸ ਦੀ ਤਾਬਿਆ ਦਿਲੀ ਨੂੰ ਖਾਲਸਾ ਪੰਥ ਨੇ 19 ਵਾਰ ਫਤਿਹ ਕੀਤਾ।
 
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਦਸਿਆ ਗਿਆ ਕਿ ਅਮਰੀਕਾ ਵਿਚ ਵੱਖ-ਵੱਖ ਗੁਰੂ ਘਰਾਂ ਵਿਚ ਇਨ੍ਹਾਂ ਸ਼ਸਤਰਾਂ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਦਸਮ ਪਾਤਸ਼ਾਹ ਵੱਲੋਂ ਬੁੱਢਾ ਦਲ ਨੂੰ ਬਖਸ਼ਿਸ਼ ਕੀਤੇ ਇਤਿਹਾਸਕ ਸ਼ਸਤਰ ਪੀੜੀ ਦਰ ਪੀੜੀ ਬੁੱਢਾ ਦਲ ਦੇ ਮੁਖੀ ਇਨ੍ਹਾਂ ਦੀ ਸਾਂਭ ਸੰਭਾਲ ਕਰਦੇ ਆ ਰਹੇ ਹਨ,  ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਵੱਖ-ਵੱਖ ਜੋੜ ਮੇਲਿਆਂ ਸਮੇਂ ਕਰਵਾਏ ਜਾਂਦੇ ਹਨ। ਉਨਾਂ੍ਹ ਕਿਹਾ ਪਿਉ ਦਾਦੇ ਦਾ ਅਖੁਟ ਖਜਾਨਾ ਸ਼ਸਤਰ ਸ਼ਾਸਤਰ ਤੇ ਦਰਲੱਭ ਲਿਖਤਾਂ ਨਿਸ਼ਾਨੀਆਂ ਜੋ ਦਲਪੰਥ ਪਾਸ ਮੌਜੂਦ ਹਨ ਜੋ ਇਤਿਹਾਸ ਦੀ ਉਹ ਕੜੀ ਹਨ ਜੋ ਬੁੱਢਾ ਦਲ ਨੂੰ ਸ਼੍ਰੋਮਣੀ ਪੰਥ ਦੀ ਪ੍ਰਮਾਣਿਕਤਾ ਬਖਸ਼ਦੀਆਂ ਹਨ। ਉਨ੍ਹਾਂ ਦਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਸ. ਭੁਪਿੰਦਰ ਸਿੰਘ ਬੋਪਾਰਾਏ,  ਸ. ਜਰਨੈਲ ਸਿੰਘ ਗਿਲਚੀਆ,  ਗਿਆਨੀ ਭੁਪਿੰਦਰ ਸਿੰਘ,  ਸ. ਹਰਬੰਸ ਸਿੰਘ ਢਿੱਲੋਂ,  ਬਾਬਾ ਦਲਬਾਗ ਸਿੰਘ,  ਸ. ਅਮਰੀਕ ਸਿੰਘ ਪਹੋਵਾ,  ਸ. ਸੰਦੀਪ ਸਿੰਘ ਤੇ ਹੋਰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਬਾਬਾ ਬਲਬੀਰ ਸਿੰਘ ਨੇ ਆਪਣੇ ਜਥੇ ਸਮੇਤ ਗੁਰਦੁਆਰਾ ਬਾਬਾ ਦੀਪ ਸਿੰਘ ਨਿਊਯਾਰਕ ਵਿਖੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਪ੍ਰੋ: ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,  ਬਾਬਾ ਮਨਮੋਹਣ ਸਿੰਘ ਬਾਰਨਵਾਲੇ,  ਬਾਬਾ ਜਸਵਿੰਦਰ ਸਿੰਘ ਜੱਸੀ,  ਬਾਬਾ ਹਰਜੀਤ ਸਿੰਘ ਯੂ.ਕੇ ਹਾਜ਼ਰ ਸਨ।