ਲੌਂਗੋਵਾਲ/ਸੰਗਰੂਰ : ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਲੌਂਗੋਵਾਲ ਇਕਾਈ ਦੀ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਚੋਣ ਕੀਤੀ ਗਈ।ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਜਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਦੌਰਾਨ ਪ੍ਰਧਾਨ ਦਰਬਾਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ, ਮੀਤ ਪ੍ਰਧਾਨ ਕਾਲਾ ਸਿੰਘ, ਖਜ਼ਾਨਚੀ ਹਰਦੇਵ ਸਿੰਘ, ਜਨਰਲ ਸਕੱਤਰ ਗੁਰਕੀਰਤ ਸਿੰਘ, ਪ੍ਰੈੱਸ ਸਕੱਤਰ ਸਤਗੁਰ ਸਿੰਘ, ਸਹਾਇਕ ਸਕੱਤਰ ਪਾਲਾ ਸਿੰਘ,
ਸਹਾਇਕ ਖਜ਼ਾਨਚੀ ਹਰਪਾਲ ਸਿੰਘ ਅਤੇ ਭੋਲਾ ਸਿੰਘ, ਕਮੇਟੀ ਮੈਂਬਰ ਜੱਗੀ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਪੂਰਨ ਸਿੰਘ ਬਹਾਲ ਸਿੰਘ ਅਤੇ ਬੌਰੀਆ ਸਿੰਘ ਸਤੀਪੁਰਾ ਚੁਣੇ ਗਏ।
ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਜੋਸ਼ੀ ਅਤੇ ਖਜ਼ਾਨਚੀ ਸਤਨਾਮ ਸਿੰਘ ਕਿਲ੍ਹਾ ਭਰੀਆਂ ਅਤੇ ਬਲਾਕ ਪ੍ਰਧਾਨ ਸੰਤਰਾਮ ਛਾਜਲੀ ਅਤੇ ਕਰਮ ਸਿੰਘ ਸੱਤਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਮੁੱਖ ਰੱਖਦਿਆਂ 26 ਜਨਵਰੀ ਦੇ ਜਿਲ੍ਹਾ ਪੱਧਰੀ ਟਰੈਕਟਰ ਮਾਰਚ ਲਈ ਜ਼ੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਹਨ।
ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ੀਰਾ 'ਚ 15 ਸਾਲ ਪਹਿਲਾਂ ਲੱਗੀ ਸ਼ਰਾਬ ਅਤੇ ਕੈਮੀਕਲ ਫੈਕਟਰੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਇਹ ਫੈਕਟਰੀ ਜ਼ਹਿਰੀਲੀਆਂ ਗੈਸਾਂ ਛੱਡ ਰਹੀ ਹੈ, ਲੱਖਾਂ ਲੀਟਰ ਜਹਿਰੀਲਾ ਪਾਣੀ ਧਰਤੀ ਵਿੱਚ ਛੱਡਿਆ ਜਾ ਰਹੀ ਹੈ। ਆਲੇ ਦੁਆਲੇ ਦੇ 40-50 ਪਿੰਡਾਂ ਦੇ ਲੋਕਾਂ ਦਾ ਪਾਣੀ, ਹਵਾ, ਧਰਤੀ ਇੰਨਾ ਪੑਦੂਸ਼ਿਤ ਹੋ ਚੁੱਕਾ ਹੈ ਕਿ ਤਰ੍ਹਾਂ-ਤਰੵਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਹ ਸ਼ਰਾਬ ਅਤੇ ਕੈਮੀਕਲ ਫੈਕਟਰੀ ਦਾ ਮਾਲਕ ਅਕਾਲੀ ਸਿਆਸਤਦਾਨ ਦੀਪ ਮਲਹੋਤਰਾ ਹੈ, ਜਿਸ ਨੇ ਪੰਜਾਬ ਸਰਕਾਰ ਦੇ ਹਰ ਅਦਾਰੇ ਨੂੰ ਆਪਣੀ ਮੁੱਠੀ ਵਿੱਚ ਕਰ ਰੱਖਿਆ ਹੈ।
ਸਾਂਝਾ ਮੋਰਚਾ ਜੀਰਾ ਦੀ ਅਗਵਾਈ ਹੇਠ ਲੋਕ ਛੇ ਮਹੀਨੇ ਤੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਵੀਡੀਓ ਪਾਕੇ ਇਸ ਫੈਕਟਰੀ ਨੂੰ ਬੰਦ ਕਰਨ ਲਈ ਕੂਕਦਾ ਸੀ। ਹੁਣ ਜਦੋਂ ਖੁਦ ਮੁੱਖ ਮੰਤਰੀ ਦੀ ਕੁਰਸੀ ਉੱਪਰ ਬਿਰਾਜਮਾਨ ਹੈ ਤਾਂ ਇੱਕ ਸ਼ਬਦ ਵੀ ਮੂੰਹੋਂ ਨਹੀਂ ਕੱਢ ਰਿਹਾ। ਉਲਟਾ ਹਾਈਕੋਰਟ ਦੇ ਹੁਕਮਾਂ ਦੇ ਬਹਾਨੇ ਤਹਿਤ ਸੰਘਰਸ਼ਸ਼ੀਲ ਕਾਫਲਿਆਂ ਨੂੰ ਆਗੂ ਰਹਿਤ ਕਰਨ ਅਤੇ ਦਹਿਸ਼ਤਜਦਾ ਕਰਨ ਲਈ ਪੁਲਿਸ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਰਿਹਾ ਹੈ। ਹੁਣ ਬੀਕੇਯੂ ਏਕਤਾ ਡਕੌਂਦਾ ਸਮੇਤ ਹੋਰਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰਕੇ ਇਸ ਸੰਘਰਸ਼ ਨੂੰ ਲਗਾਤਾਰ ਹਿਮਾਇਤ ਦੇਣ ਦਾ ਜੁਅਰਤਮੰਦ ਫੈਸਲਾ ਕੀਤਾ ਹੈ।
ਆਗੂਆਂ ਕਿਹਾ ਕਿ ਅਸੀਂ ਸਨਅਤਾਂ ਦੇ ਵਿਰੋਧੀ ਨਹੀਂ, ਅਸੀਂ ਤਾਂ ਜਿਉਣਾ ਚਾਹੁੰਦੇ ਹਾਂ। ਜੇਕਰ ਕੋਈ ਸਨਅਤ ਹਵਾ, ਪਾਣੀ ਅਤੇ ਧਰਤ ਨੂੰ ਹੀ ਦੂਸ਼ਿਤ ਕਰ ਦੇਵੇ ਤਾਂ ਅਜਿਹੀ ਸਨਅਤ ਲਈ ਪੰਜਾਬ ਦੀ ਧਰਤੀ ਉੱਪਰ ਕੋਈ ਥਾਂ ਨਹੀਂ। ਬੱਚਾ-ਬੱਚਾ ਜੋ ਫਸਲਾਂ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਕਲ ਪਿਆ ਸੀ ਤਾਂ ਹੁਣ ਨਸਲਾਂ ਬਚਾਉਣ ਦੀ ਲੜਾਈ ਵਿੱਚ ਵੀ ਪਿੱਛੇ ਨਹੀਂ ਹਟਾਂਗੇ।