ਬਰੜਵਾਲ (ਧੂਰੀ/ਸੰਗਰੂਰ): ਪੰਜਾਬ ਵਿਧਾਨ ਸਭਾ-2022 ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਗਰੂਰ ਜ਼ਿਲੇ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਤ ਗਿਣਤੀ ਕੇਂਦਰਾਂ ਵਿਖੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜੀ। ਚੋਣ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਕੁਲ 5 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।
ਜ਼ਿਲਾ ਚੋਣ ਅਫ਼ਸਰ ਨੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 99-ਲਹਿਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਬਰਿੰਦਰ ਕੁਮਾਰ ਗੋਇਲ 26 ਹਜ਼ਾਰ 518 ਵੋਟਾਂ ਦੇ ਫਰਕ ਨਾਲ, 100-ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਹਰਪਾਲ ਸਿੰਘ ਚੀਮਾ 50 ਹਜ਼ਾਰ 655 ਵੋਟਾਂ ਦੇ ਫਰਕ ਨਾਲ, 101-ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਅਮਨ ਅਰੋੜਾ 75 ਹਜ਼ਾਰ 277 ਵੋਟਾਂ ਦੇ ਫਰਕ ਨਾਲ, 107-ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਭਗਵੰਤ ਮਾਨ 58 ਹਜ਼ਾਰ 206 ਵੋਟਾਂ ਦੇ ਫਰਕ ਨਾਲ ਅਤੇ ਵਿਧਾਨ ਸਭਾ ਹਲਕਾ 108-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ 36 ਹਜ਼ਾਰ 430 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ ਹਨ।
ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਅਤੇ ਜ਼ਿਲਾ ਪੁਲਿਸ ਮੁਖੀ ਸ਼੍ਰੀ ਸਵਪਨ ਸ਼ਰਮਾ ਨੇ ਸਮੁੱਚੀ ਗਿਣਤੀ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਰਿਟਰਨਿੰਗ ਅਧਿਕਾਰੀਆਂ, ਚੋਣ ਤੇ ਸੁਰੱਖਿਆ ਅਮਲੇ, ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਵਰਕਰਾਂ ਅਤੇ ਮੀਡੀਆ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਹੈ।