ਤਪਾ, : ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਗੁਰਪ੍ਰੀਤ ਸਿੰਘ ਮਾਹਲ ਤੇ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਬ ਡਵੀਜਨਲ ਹਸਪਤਾਲ ਤਪਾ ਵਿਖੇ 16 ਮਾਰਚ ਤੱਕ ਨੀਂਦ ਸਬੰਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤਨੂੰ ਸਿੰਗਲਾ ਨੇ ਕਿਹਾ ਕਿ ਨੀਂਦ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ, ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀ ਹੈ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਸਾਡੇ ਸਰੀਰ ਅਤੇ ਦਿਮਾਗ ਨੂੰ ਆਰਾਮ ਕਰਨ ਅਤੇ ਮੁੜ ਸੁਰਜੀਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਨੀਂਦ ਦੌਰਾਨ, ਸਾਡੇ ਸਰੀਰ ਟਿਸ਼ੂਆਂ ਦੀ ਮੁਰੰਮਤ ਕਰਦੇ ਹਨ, ਯਾਦਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਹਾਰਮੋਨਸ ਨੂੰ ਨਿਯੰਤ੍ਰਿਤ ਕਰਦੇ ਹਨ। ਨੀਂਦ ਦੀ ਕਮੀ ਥਕਾਵਟ, ਮੂਡ ਸਵਿੰਗ ਅਤੇ ਕਮਜ਼ੋਰ ਬੋਧਾਤਮਕ ਕਾਰਜ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਡਾ. ਤਨੂੰ ਨੇ ਚੰਗੀ ਨੀਂਦ ਲਈ ਸੁਝਾਅ ਦਿੰਦਿਆਂ ਕਿਹਾ ਕਿ ਰੋਜ਼ ਇੱਕੋ ਸਮੇਂ ਨੀਂਦ ਲਵੋ ਤੇ ਇੱਕੋ ਸਮੇਂ ਹੀ ਉਠੋ ਇਸ ਨਾਲ ਗੂੜੀ ਨੀਂਦ ਲੈਣ ਵਿੱਚ ਸੁਧਾਰ ਆਉਂਦਾ ਹੈ। ਸੌਣ ਤੋਂ ਪਹਿਲਾਂ ਸ਼ਾਂਤ ਕਰਨ ਵਾਲੀਆਂ ਗਤੀਵਿਧੀਆਂ ਕਰੋ ਜਿਵੇਂ ਕਿ ਪੜ੍ਹਨਾ, ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਜਾਂ ਡੂੰਘੇ ਸਾਹ ਲੈਣ ਆਦਿ। ਬੈੱਡਰੂਮ ਨੂੰ ਸੌਣ ਲਈ ਅਨੁਕੂਲ ਬਣਾਓ, ਆਪਣੇ ਬੈੱਡਰੂਮ ਨੂੰ ਹਨੇਰਾ, ਸ਼ਾਂਤ ਅਤੇ ਠੰਡਾ ਰੱਖੋ। ਸੌਣ ਤੋਂ ਪਹਿਲਾਂ ਮੋਬਾਇਲ, ਟੀ ਵੀ ਨਹੀਂ ਦੇਖਣਾ ਚਾਹੀਦਾ। ਸੌਣ ਤੋਂ ਪਹਿਲਾਂ ਭਾਰੀ ਭੋਜਨ, ਕੈਫੀਨ ਅਤੇ ਅਲਕੋਹਲ ਤੋਂ ਪਰਹੇਜ਼ ਕਰੋ। ਨਿਯਮਿਤ ਕਸਰਤ ਕਰੋ, ਹਫ਼ਤੇ ਦੇ ਜ਼ਿਆਦਾਤਰ ਦਿਨਾਂ ਵਿੱਚ ਘੱਟੋ-ਘੱਟ 30 ਮਿੰਟ ਦਰਮਿਆਨੀ ਕਸਰਤ ਕਰਨ ਦਾ ਟੀਚਾ ਰੱਖੋ। ਇਸ ਤੋਂ ਇਲਾਵਾ ਤਣਾਅ ਘਟਾਉਣ ਲਈ ਯੋਗਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਵਿਸ਼ਵ ਨੀਂਦ ਦਿਵਸ ਹਰ ਸਾਲ ਮਾਰਚ ਦੇ ਤੀਜੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ ਤੇ ਇਸ ਸਾਲ ਇਹ 15 ਮਾਰਚ ਨੂੰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ ‘ਗਲੋਬਲ ਸਿਹਤ ਲਈ ਸਲੀਪ ਇਕੁਇਟੀ" ਹੈ। ਇਸ ਦਾ ਮਕਸਦ ਹੈ ਕਿ ਜਾਗਰੂਕਤਾ ਪੈਦਾ ਕਰ ਕੇ ਸਾਰਿਆਂ ਲਈ ਇੱਕ ਚੰਗੀ ਨੀਂਦ ਲੈਣ ਲਈ ਸਮਾਨ ਮੌਕਾ ਪ੍ਰਦਾਨ ਕਰਨਾ ਹੈ।