ਢੁੱਡੀਕੇ : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸੁਰਿੰਦਰ ਸਿੰਘ ਝੱਮਟ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਢੁੱਡੀਕੇ ਦੀ ਅਗਵਾਈ ਵਿੱਚ ਐਚਆਈਵੀ ਜਾਗਰੂਕਤਾ ਵੈਨ ਰਾਹੀਂ ਪਿੰਡ ਢੁੱਡੀਕੇ, ਚੂਹੜ ਚੱਕ, ਕਿੱਲੀ ਚਾਹਲ, ਅਜੀਤਵਾਲ ਅਤੇ ਮੱਧੋਕੇ ਵਿਖੇ ਲੋਕਾਂ ਨੂੰ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਆਮ ਲੋਕਾਂ ਦੇ ਐਚਆਈਵੀ ਲਈ ਬਲੱਡ ਸੈਂਪਲ ਲਏ ਗਏ। ਇਸ ਮੌਕੇ ਨਾਟਕ ਮੰਡਲੀ ਵੱਲੋਂ ਨੁਕੜ ਨਾਟਕਾਂ ਰਾਹੀਂ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ।
ਐਸ.ਐਮ.ੳ. ਢੁੱਡੀਕੇ ਡਾ. ਸੁਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਡਾ. ਸ਼ਾਕਸੀ ਬਾਂਸਲ ਵੱਲੋਂ ਐਚਆਈਵੀ ਜਾਗਰੂਕਤਾ ਵੈਨ ਨੂੰ ਸੀਐਚਸੀ ਢੁੱੱਡੀਕੇ ਤੋਂ ਹਰੀ ਝੰਡੀ ਦੇਕੇ ਰਵਾਨਾ ਕਰਨ ਸਮੇਂ ਉਹਨਾਂ ਕਿਹਾ ਕਿ ਲੋਕ ਆਪਣਾ ਐਚਆਈਵੀ ਟੈਸਟ ਕਰਵਾਉਣ ਤੋਂ ਘਬਰਾਉਂਦੇ ਹਨ ਇਸ ਦਾ ਕਾਰਣ ਘੱਟ ਜਾਣਕਾਰੀ, ਡਰ ਅਤੇ ਇਸ ਮਹਾਂਮਾਰੀ ਨਾਲ ਜੁੜਿਆ ਕਲੰਕ ਹੈ ।ਜਦ ਕਿ ਹਰ ਇੱਕ ਨੂੰ ਆਪਣੀ ਐਚਆਈਵੀ ਦੀ ਸਥਿਤੀ ਨੂੰ ਜਾਣਨਾ ਜਰੂਰੀ ਹੈ ਤਾਂ ਜੋ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ ਹੀ ਹੋਰ ਲੋਕਾਂ ਵਿੱਚ ਇਸਦੇ ਪਸਾਰ ਨੂੰ ਰੋਕਿਆ ਜਾ ਸਕੇ ।
ਵੱਖ ਵੱਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਡਾ. ਸਿਮਰਪਾਲ ਸਿੰਘ ਨੇ ਕਿਹਾ ਕਿ ਐਚਆਈਵੀ ਕਿਸੇ ਵੀ ਐਚਆਈਵੀ ਪੀੜਤ ਵਿਅਕਤੀ ਨਾਲ ਅਸੁਰੱੱਖਿਅਤ ਯੌਨ ਸਬੰਧ ਬਣਾਉਣ ਨਾਲ, ਐਚ.ਆਈ.ਵੀ. ਸੰਕ੍ਰਮਿਤ ਖੂਨ ਜਾਂ ਖੂਨ ਵਾਲੇ ਪਦਾਰਥ ਸਰੀਰ ਵਿੱਚ ਚੜਾਉਣ ਨਾਲ, ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਨਾਲ ਜਾਂ ਐਚਆਈਵੀ ਪੀੜਤ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ । ਉਹਨਾਂ ਦੱੱਸਿਆ ਕਿ ਐਚਆਈਵੀ ਪੀੜਤ ਵਿਅਕਤੀ ਨੂੰ ਛੁਹਣ ਨਾਲ ਜਾਂ ਹੱਥ ਮਿਲਾਉਣ ਨਾਲ, ਪੀੜਤ ਵਿਅਕਤੀ ਵੱਲੋਂ ਵਰਤੇ ਗਏ ਭਾਂਡਿਆਂ ਵਿੱਚ ਖਾਣਾ ਖਾਣ ਨਾਲ ਜਾਂ ਪੀੜਤ ਵੱਲੋਂ ਵਰਤੇ ਉਪਕਰਣਾਂ ਦਾ ਇਸਤੇਮਾਲ ਕਰਨ ਨਾਲ ਨਹੀਂ ਫੈਲਦਾ । ਗੁਰਮੀਤ ਸਿੰਘ ਫਾਰਮੇਸੀ ਅਫਸਰ ਨੇ ਦੱੱਸਿਆ ਕਿ ਐਚ.ਆਈ.ਵੀ. ਪੀੜਤ ਵਿਅਕਤੀ ਕਿਸੇ ਸਿਹਤਮੰਦ ਵਿਅਕਤੀ ਵਾਂਗ ਹੀ ਦਿਸਦਾ ਹੈ । ਉਹਨਾਂ ਕਿਹਾ ਕਿ ਐਚਆਈਵੀ/ਏਡਜ਼ ਦੇ ਲੱਛਣ ਸਾਹਮਣੇ ਆਉਣ ਵਿੱਚ 6 ਤੋਂ 8 ਸਾਲ ਲੱਗ ਸਕਦੇ ਹਨ । ਸਿਰਫ ਖੂਨ ਦੀ ਜਾਂਚ ਨਾਲ ਹੀ ਐਚਆਈਵੀ ਸੰਕ੍ਰਮਣ ਦਾ ਪਤਾ ਲੱਗ ਸਕਦਾ ਹੈ । ਮੁਫਤ ਸਲਾਹ ਅਤੇ ਜਾਂਚ ਲਈ ਨੇੜੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਸਥਿਤ ਆਈਸੀਟੀਸੀ ਕੇਂਦਰ ਵਿੱਚ ਜਾਇਆ ਜਾਵੇ ।
ਇਸ ਜਾਗਰੂਕਤਾ ਮੁਹਿੰਮ ਦੌਰਾਨ ਜਗਤਾਰ ਸਿੰਘ ਲੈਬ ਟੈਕਨੀਸ਼ੀਅਨ, ਜਸਮੀਤ ਸਿੰਘ, ਗੁਰਅਮਰਪ੍ਰੀਤ ਸਿੰਘ ਅਤੇ ਦਵਿੰਦਰਪਾਲ ਸਿੰਘ ਸਿਹਤ ਵਰਕਰ ਵੱਲੋਂ ਐਚਆਈਵੀ ਦੀ ਮੁਫਤ ਜਾਂਚ ਸਬੰਧੀ ਲੋਕਾਂ ਦੇ ਸੈਂਪਲ ਵੀ ਲਏ ਗਏ । ਇਸ ਮੌਕੇ ਸਿਵ ਬਹਾਦੁਰ ਫਾਰਮੇਸੀ ਅਫਸਰ, ਜਸਵਿੰਦਰ ਕੌਰ ਐਲ.ਟੀ., ਨਰਸਿੰਗ ਸਟਾਫ, ਸੀਐਚੳਜ, ਏਐਨਐਮਜ ਅਤੇ ਆਸ਼ਾ ਵਰਕਰ ਆਦਿ ਹਾਜਿਰ ਸਨ ।