ਚੰਡੀਗੜ੍ਹ: ਡਾ. ਅਰੀਤ ਕੌਰ ਵੱਲੋਂ ਅੱਜ ਇਥੇ ਪੰਜਾਬ ਦੀ ਨਵੇਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਵਜੋਂ ਪਦਭਾਰ ਸੰਭਾਲ ਲਿਆ ਗਿਆ। ਉਨ੍ਹਾਂ ਵੱਲੋਂ ਇਹ ਅਹੁਦਾ ਆਪਣੀ ਮੌਜੂਦਾ ਪੋਸਟ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਦੇ ਨਾਲ ਨਾਲ ਵਾਧੂ ਚਾਰਜ ਦੇ ਤੌਰ ਤੇ ਸੰਭਾਲਿਆ ਗਿਆ ਹੈ।
ਡਾ. ਅਰੀਤ ਐਮ.ਡੀ. ਐਪਥਲਮੋਲੋਜੀ ਹਨ ਅਤੇ ਉਨ੍ਹਾਂ ਨੇ 1990 ਵਿੱਚ ਅੱਖਾਂ ਦੇ ਮਾਹਿਰ ਡਾਕਟਰ ਵੱਜੋਂ ਜ਼ਿਲ੍ਹਾ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਪਹਿਲੀ ਜੁਆਇੰਨਿੰਗ ਕੀਤੀ ਸੀ। ਇਸ ਤੋਂ ਬਾਅਦ ਉਹ ਰਾਜ ਭਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਕੰਮ ਕਰਦੇ ਰਹੇ ਅਤੇ 2014 ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਦੀ ਪਦਉਨਤੀ ਉਪਰੰਤ ਸਬ ਡਿਵੀਜ਼ਨਲ ਹਸਪਤਾਲ ਆਨੰਦਪੁਰ ਸਾਹਿਬ, ਜਿਲ੍ਹਾ ਰੋਪੜ ਵਿਖੇ ਸੇਵਾਵਾਂ ਨਿਭਾਈਆਂ ਅਤੇ ਸਾਲ 2015 ਵਿੱਚ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸਹਾਇਕ ਡਾਇਰੈਕਟਰ ਵਜੋਂ ਕੰਮ ਕੀਤਾ। ਉਨ੍ਹਾਂ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਅਤੇ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਨੂੰ ਬੈਸਟ ਪਰਫਾਰਮੈਂਸ ਦੇ ਅਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ। ਇਸ ਉਪਰੰਤ ਸਾਲ 2021 ਵਿੱਚ ਉਨ੍ਹਾਂ ਨੂੰ ਡਿਪਟੀ ਡਾਇਰੈਕਟਰ ਪਦਉਨਤੀ ਉਪਰੰਤ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਲਗਾਇਆ ਗਿਆ।
ਉਨ੍ਹਾਂ ਨੇ ਅਹੁਦਾ ਸੰਭਾਲਦੇ ਹੀ ਸਮੂਹ ਸਟਾਫ ਨੂੰ ਸਮੇਂ ਸਿਰ ਕੰਮ ਕਰਨ ਦੀ ਹਿਦਾਇਤ ਕੀਤੀ ਅਤੇ ਇਹ ਵੀ ਨਿਰਦੇਸ਼ ਦਿੱਤੇ ਕਿ ਕੋਈ ਵੀ ਕੰਮ ਪੈਂਡਿੰਗ ਨਾ ਰੱਖਦੇ ਹੋਏ ਲੋਕਾਂ ਨੂੰ ਸਹੀ ਤੇ ਸੰਪੂਰਨ ਤਰੀਕੇ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਯਕੀਨੀ ਬਣਾਉਣ।