ਚੰਡੀਗੜ੍ਹ, : ਇਨਕਲਾਬੀ ਕੇਂਦਰ, ਪੰਜਾਬ ਨੇ ਫ਼ਲਸਤੀਨ ਵਿੱਚ ਹੋ ਰਹੇ ਮਨੁੱਖੀ ਘਾਣ ਸਮੇਂ ਮੋਦੀ ਹਕੂਮਤ ਵੱਲੋਂ ਇਜਰਾਈਲ ਨਾਲ ਖੜ੍ਹੇ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂਆਂ ਨਰਾਇਣ ਦੱਤ ਅਤੇ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਜਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਬੰਬਾਰੀ ਕਰਕੇ ਤਬਾਹੀ ਮਚਾਉਣ, ਬਿਜਲੀ-ਪਾਣੀ, ਦਵਾਈਆਂ ਅਤੇ ਖਾਧ ਪਦਾਰਥਾਂ ਦੀ ਸਪਲਾਈ ਬੰਦ ਕਰਕੇ ਲੋਕਾਂ ਨੂੰ ਮਾਨਵੀ ਸਹੂਲਤਾਂ ਤੋਂ ਵਾਂਝੇ ਕਰਕੇ ਮੌਤ ਵੱਲ ਵਿੱਚ ਧੱਕਿਆ ਜਾ ਰਿਹਾ ਹੈ। ਜਖਮੀ ਹੋ ਰਹੇ, ਤੜਪ ਰਹੇ ਮਾਸੂਮ ਬਾਲਾਂ ਦੀਆਂ ਚੀਕਾਂ, ਕੁਰਲਾਹਟਾਂ ਹਰ ਜਾਗਦੀ ਜਮੀਰ ਦਾ ਦਿਲ ਵਲੁੰਧਰ ਰਹੀਆਂ ਹਨ।ਹਸਪਤਾਲਾਂ ਨੂੰ ਨਿਸ਼ਾਨਾਂ ਬਣਾਉਣ ਨਾਲ ਉਹ ਮੁਰਦਾਘਰ ਬਣੇ ਹੋਏ ਹਨ।
ਇਜ਼ਰਾਈਲ ਨੇ ਯੁੱਧ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ਅਤੇ ਕਬਰਿਸਤਾਨ ਬਣਾ ਦਿੱਤਾ ਹੈ। ਉਹ ਫ਼ਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਵਿੱਚ ਖ਼ਤਮ ਕਰਨ 'ਤੇ ਤੁਲਿਆ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਇਜਰਾਈਲ ਸਰਕਾਰ ਦੇ ਇਹਨਾਂ ਹਮਲਿਆਂ ਦਾ ਇਜ਼ਰਾਈਲ ਦੇ ਅੰਦਰ ਵੀ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਲੋਕ ਸਰਕਾਰ ਨੂੰ ਗੈਰ-ਜਮਹੂਰੀ, ਭ੍ਰਿਸ਼ਟ ਤੇ ਜ਼ਾਲਮ ਕਹਿ ਰਹੇ ਹਨ। ਦੁਨੀਆਂ ਭਰ ਵਿੱਚ ਲੋਕ ਸਮੂਹ ਫ਼ਲਸਤੀਨੀਆਂ ਦੇ ਹੱਕ ਵਿੱਚ ਸੜਕਾਂ ਉਪਰ ਉੱਤਰ ਆਏ ਹਨ। ਯੂ.ਐਨ.ਓ. ਦੇ ਜਨਰਲ ਸਕੱਤਰ ਵੱਲੋਂ ਵੀ ਇਜ਼ਰਾਈਲ ਦੇ ਹਾਕਮਾਂ ਦੇ ਫ਼ਲਸਤੀਨ ਵਿੱਚ ਆਮ ਲੋਕਾਂ ਨੂੰ ਦੱਖਣੀ ਗਾਜ਼ਾ ਵਿੱਚ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਦਿੱਤੇ ਅਲਟੀਮੇਟਮ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਇਸ ਨਾਲ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਬੇਘਰ ਕੀਤੇ ਜਾਣ ਨਾਲ ਹੋਣ ਵਾਲੀਆਂ ਮੁਸ਼ਕਲਾਂ ਨੇ ਜਿਉਣਾ ਦੁਭਰ ਕਰ ਦਿੱਤਾ ਹੈ। ਹਾਲ ਹੀ ਵਿੱਚ ਯੂ ਐਨ ਸੁਰੱਖਿਆ ਕੌਂਸਲ ਵਿੱਚ ਜੰਗਬੰਦੀ ਦੇ ਰੱਖੇ ਮਤੇ ਦੇ ਪੱਖ ਵਿੱਚ 15 ਵਿੱਚੋਂ ਕੁੱਲ 13 ਵੋਟਾਂ ਪਈਆਂ। ਇੰਗਲੈਂਡ ਨੇ ਆਪਣੇ ਆਪ ਨੂੰ ਬਾਹਰ ਰੱਖਕੇ ਇਜਰਾਈਲੀ ਹਾਕਮਾਂ ਦੀ ਪਿੱਠ ਥਾਪੜੀ ਹੈ। ਆਪਣੇ ਆਪ ਨੂੰ ਜਮਹੂਰੀਅਤ ਦਾ ਸਭ ਤੋਂ ਵੱਡਾ ਅਲੰਬਰਦਾਰ ਗਰਦਾਨਦੇ ਜੰਗਬਾਜ਼ ਅਮਰੀਕਾ ਨੇ ਵੀਟੋ ਪਾਵਰ ਦੀ ਵਰਤੋਂ ਕਰਦਿਆਂ ਇਹ ਮਤਾ ਰੱਦ ਕਰ ਕੇ ਅਪਣਾ ਖੁੰਖਾਰ ਚਿਹਰਾ ਹੋਰ ਨੰਗਾ ਕਰ ਲਿਆ ਹੈ।
ਅਮਰੀਕਾ ਦਾ ਇਹ ਕਹਿਣਾ ਕਿ ਉਹ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੇ ਪੱਖ ਵਿੱਚ ਨਹੀਂ ਹੈ। ਇਸ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਕਿ ਅਸਲ ਜੰਗ ਇਸਰਾਈਲੀ ਹਾਕਮ ਨਹੀਂ ਸਗੋਂ ਦੁਨੀਆਂ ਦਾ ਮਹਾਂਧਾੜਵੀ ਸਾਮਰਾਜੀ ਅਮਰੀਕਾ ਦੇ ਹਿੱਤਾਂ ਲਈ ਲੜੀ ਜਾ ਰਹੀ ਹੈ। ਇਨਕਲਾਬੀ ਕੇਂਦਰ, ਪੰਜਾਬ ਨੇ ਅਮਰੀਕਾ ਵੱਲੋਂ ਵੀਟੋ ਦੀ ਵਰਤੋਂ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਅਨੈਤਿਕ ਅਤੇ ਅਣਮਨੁੱਖੀ ਦੱਸਿਆ ਹੈ। ਇਜਰਾਇਲੀ ਹਮਲਿਆਂ 'ਚ ਹੁਣ ਤਕ ਫਲਸਤੀਨੀ ਇਲਾਕੇ 'ਚ ਬਾਈ ਹਜਾਰ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਅੱਠ ਹਜਾਰ ਬੱਚੇ ਹਨ। ਆਗੂਆਂ ਨੇ ਕਿਹਾ ਕਿ ਜਮਹੂਰੀਅਤ ਦੀ ਅਲੰਬਰਦਾਰੀ ਦਾ ਦਾਅਵਾ ਕਰਨ ਵਾਲੀਆਂ ਪੱਛਮੀ ਦੇਸ਼ਾਂ ਦੀਆਂ ਸਾਮਰਾਜੀ ਸਰਕਾਰਾਂ ਨੇ ਫ਼ਲਸਤੀਨੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਪਾਬੰਦੀਆਂ ਲਾਉਣ ਦੇ ਐਲਾਨ ਕੀਤੇ ਹਨ, ਪਰ ਇਹਨਾਂ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਫ਼ਲਸਤੀਨੀਆਂ ਦੇ ਹੱਕ ਵਿੱਚ ਵਿਸ਼ਵ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਹਨ। ਫ਼ਲਸਤੀਨ ਵਿੱਚ ਹੋ ਰਹੇ ਮਨੁੱਖੀ ਘਾਣ ਸਮੇਂ ਮੋਦੀ ਹਕੂਮਤ ਵੱਲੋਂ ਇਜਰਾਈਲ ਨਾਲ ਖੜ੍ਹੇ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਨਕਲਾਬੀ ਕੇਂਦਰ, ਪੰਜਾਬ ਆਪਣੇ ਦੇਸ਼ ਫ਼ਲਸਤੀਨ ਦੀ ਆਜਾਦੀ ਲਈ ਲੜ ਰਹੇ ਲੋਕਾਂ ਨਾਲ ਖੜਨ, ਉਹਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਇਸਰਾਈਲੀ ਬੰਬਾਰੀ ਦੇ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਉਨਾਂ ਪੰਜਾਬ ਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਹੋ ਇਸ ਦਿਲ ਦਹਿਲਾਉਣ ਵਾਲੀ ਅਣਮਨੁੱਖੀ ਜੰਗ ਖਿਲਾਫ ਜੋਰਦਾਰ ਆਵਾਜ ਉਠਾਉਣ ਦੀ ਅਪੀਲ ਕੀਤੀ ਹੈ।