ਨਵੀਂ ਦਿੱਲੀ, 13 ਮਈ: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਅੱਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਸੋਨੀਆ ਗਾਂਧੀ ਰੂਟੀਨ ਚੈੱਕਅਪ ਲਈ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਪਹੁੰਚੀ ਸੀ। ਹਾਲਾਂਕਿ ਕਿ ਉਹ ਕੁੱਝ ਸਮਾਂ ਦਾਖਲ ਰਹਿਣ ਤੋਂ ਬਾਅਦ ਚੈੱਕਅਪ ਤੋਂ ਬਾਅਦ ਘਰ ਵਾਪਸ ਆ ਗਈ ਹੈ।
ਸੂਤਰਾਂ ਅਨੁਸਾਰ, ਸੋਨੀਆ ਗਾਂਧੀ ਨੂੰ ਮੰਗਲਵਾਰ ਰਾਤ ਲਗਭਗ 10:30 ਵਜੇ ਮੇਦਾਂਤਾ ਇੰਸਟੀਚਿਊਟ ਆਫ਼ ਡਾਈਜੈਸਟਿਵ ਐਂਡ ਹੈਪੇਟੋਬਿਲਰੀ ਸਾਇੰਸਿਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਇਸ ਮਾਮਲੇ 'ਤੇ ਹਸਪਤਾਲ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, 24 ਮਾਰਚ ਨੂੰ, ਉਨ੍ਹਾਂ ਨੂੰ ਬੁਖਾਰ ਅਤੇ ਇਨਫੈਕਸ਼ਨ ਕਾਰਨ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਸੱਤ ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ ਹੇਠ ਉੱਥੇ ਰਹੀ।