ਆਰਐੱਸਐੱਸ ਅਤੇ ਭਾਜਪਾ ਦੇ ਗੁੰਡਿਆਂ ਖਿਲਾਫ ਸਮੁੱਚੀ ਕਿਸਾਨ ਲਹਿਰ ਇਕਮੁੱਠ: ਗੁਰਦੀਪ ਰਾਮਪੁਰਾ
ਪਹਿਲਗਾਮ ਘਟਨਾ ਦੇ ਬਹਾਨੇ ਦੇਸ਼ ਨੂੰ ਫ਼ਿਰਕੂ ਅੱਗ ਵਿੱਚ ਝੋਕਣਾ ਬੰਦ ਕਰੇ ਕੇਂਦਰ ਸਰਕਾਰ: ਹਰਨੇਕ ਮਹਿਮਾ
ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਦੋ ਮਈ ਨੂੰ ਮੁਜੱਫਰਨਗਰ ਵਿਖੇ ਆਰਐਸਐਸ ਅਤੇ ਭਾਜਪਾ ਦੇ ਗੁੰਡਿਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਤੇ ਹਮਲੇ ਦਾ ਸਖਤ ਨੋਟਿਸ ਲਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਹੈ ਕਿ ਪਹਿਲਗਾਮ ਵਿਖੇ 26 ਨਿਰਦੋਸ਼ ਲੋਕਾਂ ਦੇ ਕਤਲਾਂ ਦੀ ਘਟਨਾ ਅਤੀ ਨਿੰਦਾਜਨਕ ਹੈ ਅਤੇ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਪਰ ਭਾਜਪਾ ਅਤੇ ਆਰਐਸਐਸ ਵੱਲੋਂ ਇਸ ਘਟਨਾ ਦੇ ਬਹਾਨੇ ਦੇਸ਼ ਅੰਦਰ ਫਿਰਕੂ ਅੱਗ ਭੜਕਾਈ ਜਾ ਰਹੀ ਹੈ ਅਤੇ ਦੇਸ਼ ਅੰਦਰ ਮੁਸਲਮਾਨਾਂ ਵਿਰੋਧੀ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਭੜਕੀਆਂ ਹੋਈਆਂ ਭੀੜਾਂ ਵੱਲੋਂ ਵਿਰੋਧੀ ਵਿਚਾਰਾਂ ਵਾਲਿਆਂ ਤੇ ਹਮਲੇ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਜ਼ਲੀਲ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 2 ਮਈ ਨੂੰ ਯੂਪੀ ਦੇ ਮੁਜੱਫਰਨਗਰ ਵਿਖੇ ਭਗਵੇਂ ਝੰਡਿਆਂ ਵਾਲੀ ਅਤੇ ਮੋਦੀ ਮੋਦੀ ਦੇ ਨਾਅਰੇ ਲਾ ਰਹੀ ਭੀੜ ਨੇ ਰਾਕੇਸ਼ ਟਿਕੈਤ ਨੂੰ ਘੇਰ ਕੇ ਉਹਨਾਂ ਦੀ ਪੱਗ ਲਾਹ ਦਿੱਤੀ, ਖਿੱਚ ਧੂਹ ਕੀਤੀ ਅਤੇ ਡਾਂਗਾਂ ਨਾਲ ਕੁੱਟਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਰਾਕੇਸ਼ ਟਿਕੈਤ ਦੀ ਜਾਨ ਬਚਾਈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਕਿਹਾ ਕਿ ਰਾਕੇਸ਼ ਟਿਕੈਤ ਤੇ ਮੁਜ਼ੱਫਰਨਗਰ ਵਿਖੇ ਹੋਏ ਹਮਲੇ ਲਈ ਇਹੋ ਮਾਨਸਿਕਤਾ ਜ਼ਿੰਮੇਵਾਰ ਹੈ ਅਤੇ ਇਹ ਫਿਰਕੂ ਅੱਗ ਭਾਜਪਾ ਅਤੇ ਆਰਐਸਐਸ ਵੱਲੋਂ ਜਾਣ ਬੁਝ ਕੇ ਭੜਕਾਈ ਜਾ ਰਹੀ ਹੈ। ਉਹਨਾਂ ਨੇ ਰਾਕੇਸ਼ ਟਿਕੈਤ ਤੇ ਹਮਲਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਵਿਰੋਧੀ ਵਿਚਾਰਾਂ ਅਤੇ ਕਿਸਾਨ ਆਗੂਆਂ ਤੇ ਇਸ ਤਰਾਂ ਦੇ ਹਮਲੇ ਸਹਿਣ ਨਹੀ ਕੀਤੇ ਜਾਣਗੇ ਅਤੇ ਇਹਨਾਂ ਦਾ ਦੇਸ਼ ਦੇ ਲੋਕਾਂ ਦੀ ਇੱਕ ਮੁੱਠ ਤਾਕਤ ਨਾਲ ਢੁਕਵਾਂ ਜਵਾਬ ਦਿੱਤਾ ਜਾਵੇਗਾ।