ਨਵੀਂ ਦਿੱਲੀ: ਟੂਲਕਿੱਟ ਕੇਸ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗਿ੍ਰਫ਼ਤਾਰ ਕੀਤੀ ਗਈ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਮੰਗਲਵਾਰ 23 ਫਰਵਰੀ ਤੱਕ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ’ਚ ਦੋਵੇਂ ਧਿਰਾਂ ਵੱਲੋਂ ਆਪਣੀਆਂ- ਆਪਣੀਆਂ ਦਲੀਲਾਂ ਰੱਖੀਆਂ
ਗਈਆਂ। ਅਦਾਲਤ ਨੇ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੂੰ ਤਿੱਖੇ ਸਵਾਲ ਕੀਤੇ। ਅਦਾਲਤ ਨੇ ਦਿੱਲੀ ਪੁਲਿਸ ਦੇ ਇਸ ਮਾਮਲੇ ’ਚ ਲਾਏ ਜਾ ਰਹੇ ਅਨੁਮਾਨਾਂ ’ਤੇ ਵੀ ਸਵਾਲ ਉਠਾਏ। ਉਧਰ ਗ੍ਰੇਟਾ ਥੁਨਬਰਗ ਨੇ ਵੀ ਰਵੀ ਦਿਸ਼ਾ ਦੀ ਹਮਾਇਤ ਕੀਤੀ ਹੈ। ਥੁਨਬਰਗ ਨੇ ਕਿਹਾ ਕਿ ਬੋਲਣ ਤੇ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦੇ ਅਧਿਕਾਰ ਮਨੁੱਖੀ ਅਧਿਕਾਰ ਹਨ। ਦੂਜੇ ਪਾਸੇ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਿਸੇ ਤਰ੍ਹਾਂ ਇਹ ਟੂਲਕਿੱਟ ਸੋਸ਼ਲ ਮੀਡੀਆ ’ਤੇ ਲੀਕ ਹੋ ਗਿਆ ਤੇ ਜਨਤਕ ਡੋਮੇਨ ’ਚ ਉਪਲੱਬਧ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅਦਾਲਤ ’ਚ ਜ਼ਮਾਨਤ ਅਰਜੀ ਦਾ ਵਿਰੋਧ ਕਰਦਿਆਂ ਕਿਹਾ ਕਿ ਦਿਸ਼ਾ ਰਵੀ ਟੂਲਕਿੱਟ ਤਿਆਰ ਕਰਨ ਅਤੇ ਉਸ ਨੂੰ ਸਾਂਝਾ ਕਰਨ ਦੇ ਮਾਮਲੇ ’ਚ ਖਾਲਿਸਤਾਨੀ ਸਮੱਰਥਕਾਂ ਦੇ ਸੰਪਰਕ ’ਚ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਇਹ ਸਿਰਫ਼ ਟੂਲਕਿੱਟ ਨਹੀਂ ਸੀ ਸਗੋਂ ਅਸਲ ਇਰਾਦਾ ਭਾਰਤ ਨੂੰ ਬਦਨਾਮ ਕਰਨ ਤੇ ਇੱਥੇ ਅਸ਼ਾਂਤੀ ਪੈਦਾ ਕਰਨ ਦਾ ਸੀ। ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਦਿਸ਼ਾ ਰਵੀ ਨੇ ਵੈਟਸਐਪ ’ਤੇ ਹੋਈ ਗੱਲਬਾਤ ਨੂੰ ਡਿਲੀਟ ਕਰ ਦਿੱਤਾ। ਦਿੱਲੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਸਿੱਖ ਫਾਰ ਜਸਟਿਸ ਇੱਕ ਪਾਬੰਦੀਸ਼ੁਦਾ ਸੰਗਠਨ ਹੈ, ਜਿਸ ਨੇ 11 ਜਨਵਰੀ ਨੂੰ ਇੰਡੀਆ ਗੇਟ ’ਤੇ ਲਾਲ ਕਿਲ੍ਹੇ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਹਾਈ ਸੁਰੱਖਿਆ ਵਿਚਕਾਰ ਪਟਿਆਲਾ ਹਾਊਸ ਸਥਿਤ ਇੱਕ ਅਦਾਲਤ ਨੂੰ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਂ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚਣ ਦੀ ਮੁਲਜਮ ਦਿਸ਼ਾ ਰਵੀ ਪੁੱਛਗਿੱਛ ’ਚ ਸਾਥ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾ ਪੂਰੇ ਘਟਨਾਕਰਮ ਲਈ ਸਾਜਿਸ਼ ਦੀ ਸਹਿਮੁਲਜ਼ਮ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲੁਕ ਨੂੰ ਜਿੰਮੇਵਾਰ ਦੱਸ ਰਹੀ ਹੈ। ਪੁਲਿਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਦਿਸ਼ਾ ਰਵੀ ਦੀ ਪੁਲਿਸ ਹਿਰਾਸਤ ਨੂੰ ਤਿੰਨ ਦਿਨ ਹੋਰ ਵਧਾਇਆ ਜਾਵੇ ਕਿਉਂਕਿ ਸਹਿ-ਮੁਲਜਮ ਸ਼ਾਂਤਨੂ ਨੂੰ ਇਕ ਨੋਟਿਸ ਦਿੱਤਾ ਹੈ ਜੋ, 22
ਫਰਵਰੀ ਨੂੰ ਜਾਂਚ ’ਚ ਸ਼ਾਮਲ ਹੋਵੇਗਾ, ਜਿਸ ਤੋਂ ਬਾਅਦ ਦੋਵਾਂ ਦਾ ਸਾਹਮਣਾ ਕਰਵਾਇਆ ਜਾਵੇਗਾ।