- ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ ਵੱਲੋਂ ਵੱਖ ਵੱਖ ਜਥੇਬੰਦੀਆਂ ਨੂੰ ਸਰਕਾਰੀ ਕੰਮਕਾਜ ਪ੍ਰਭਾਵਿਤ ਨਾ ਕਰਨ ਅਤੇ ਸ਼ਾਂਤੀ—ਭਾਈਚਾਰਾ ਕਾਇਮ ਰੱਖਣ ਦੀ ਅਪੀਲ
ਮਾਲੇਰਕੋਟਲਾ, 31 ਜੁਲਾਈ (ਹਰਜਿੰਦਰ ਸਿੰਘ ਭੱਟੀ) — ਪਿਛਲੇ ਦੋ ਦਿਨਾਂ ਦੌਰਾਨ ਕੁਝ ਅਧਿਆਪਕ ਜਥੇਬੰਦੀਆਂ ਅਤੇ ਵਕੀਲਾਂ ਵੱਲੋਂ ਡੀ.ਸੀ. ਕੰਪਲੈਕਸ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਾਰਨ ਪ੍ਰਭਾਵਿਤ ਹੋ ਰਹੇ ਸਰਕਾਰੀ ਕੰਮਕਾਜ ਦਾ ਗੰਭੀਰ ਨੋਟਿਸ ਲੈਂਦਿਆਂ ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ: ਤੇਜਿੰਦਰ ਸਿੰਘ ਨੰਗਲ ਨੇ ਆਪਣੀ ਟੀਮ ਸਮੇਤ ਡੀ.ਸੀ.ਦਫਤਰ ਦਾ ਦੌਰਾ ਕੀਤਾ। ਇਸ ਮੌਕੇ ਡੀ.ਸੀ. ਦਫਤਰ ਦੇ ਸਮੂਹ ਸਟਾਫ਼ ਅਤੇ ਅਧਿਕਾਰੀਆਂ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੰਦਿਆਂ ਸ: ਤੇਜਿੰਦਰ ਸਿੰਘ ਨੰਗਲ ਅਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਵੀਰ ਸਿੰਘ ਨੇ ਸਮੂਹ ਸਮਾਜਿਕ, ਰਾਜਨੀਤਕ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦੀ ਮਰਿਆਦਾ ਅਤੇ ਸਰਕਾਰੀ ਕੰਮਕਾਜ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਵੀ ਤਰ੍ਹਾਂ ਦਾ ਧਰਨਾ, ਰੋਸ ਪ੍ਰਦਰਸ਼ਨ, ਨਾਅਰੇਬਾਜ਼ੀ ਜਾਂ ਮੁਜ਼ਾਹਰਾ ਡੀ.ਸੀ. ਕੰਪਲੈਕਸ ਦੇ ਅੰਦਰ ਨਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਮਾਜ ਦੇ ਇਕ ਪੜ੍ਹੇ ਲਿਖੇ ਤਬਕੇ ਵੱਲੋਂ ਅਜਿਹੀਆਂ ਕਾਰਵਾਈਆਂ ਦੀ ਤਵੱਕੋਂ ਨਹੀਂ ਕੀਤੀ ਜਾ ਸਕਦੀ।
ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਹਰ ਨਾਗਰਿਕ ਅਤੇ ਜਥੇਬੰਦੀ ਨੂੰ ਆਪਣੀਆਂ ਮੰਗਾਂ ਅਤੇ ਮੁੱਦਿਆਂ ਨੂੰ ਸ਼ਾਂਤਮਈ ਢੰਗ ਨਾਲ ਉਠਾਉਣ ਦਾ ਪੂਰਾ ਅਧਿਕਾਰ ਹੈ, ਪਰ ਇਸ ਦੌਰਾਨ ਸਰਕਾਰੀ ਦਫ਼ਤਰਾਂ ਦੇ ਰੋਜ਼ਾਨਾ ਕੰਮਕਾਜ, ਆਮ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਅਤੇ ਕਾਨੂੰਨ—ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਾਂ ਲਈ ਨਿਰਧਾਰਤ ਸਥਾਨ ਉਪਲਬਧ ਹਨ, ਇਸ ਲਈ ਹਰ ਜਥੇਬੰਦੀ ਨੂੰ ਉਥੇ ਹੀ ਆਪਣਾ ਰੋਸ ਪ੍ਰਗਟ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਪ੍ਰਧਾਨ ਸ਼ਰਨਵੀਰ ਸਿੰਘ ਨੇ ਕਿਹਾ ਕਿ ਡੀ.ਸੀ. ਕੰਪਲੈਕਸ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਕੰਮਕਾਜ ਦਾ ਮੁੱਖ ਕੇਂਦਰ ਹੈ, ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਉਂਦੇ ਹਨ। ਅਜਿਹੇ ਵਿੱਚ ਕੰਪਲੈਕਸ ਅੰਦਰ ਧਰਨੇ ਜਾਂ ਨਾਅਰੇਬਾਜ਼ੀ ਹੋਣ ਕਾਰਨ ਨਾ ਸਿਰਫ਼ ਸਰਕਾਰੀ ਕੰਮਕਾਜ ਪ੍ਰਭਾਵਿਤ ਹੁੰਦਾ ਹੈ, ਸਗੋਂ ਆਮ ਲੋਕਾਂ ਨੂੰ ਵੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਜਥੇਬੰਦੀ ਡੀ.ਸੀ. ਕੰਪਲੈਕਸ ਅੰਦਰ ਆ ਕੇ ਸਰਕਾਰੀ ਕੰਮਕਾਜ ਵਿੱਚ ਵਿਘਨ ਪੈਦਾ ਕਰਦੀ ਹੈ ਤਾਂ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਉਲੀਕਣ ਲਈ ਅਵਗਤ ਕਰਵਾ ਦਿੱਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਨਿਰਮਲ ਸਿੰਘ ਚਾਨੇ, ਜਿ਼ਲ੍ਹਾ ਪ੍ਰਧਾਨ, ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ ਬਰਨਾਲਾ, ਹਰਪ੍ਰੀਤ ਸਿੰਘ ਸੰਧੂ, ਜਿ਼ਲ੍ਹਾ ਪ੍ਰਧਾਨ, ਮਾਨਸਾ, ਸ੍ਰੀਮਤੀ ਗੁਰਪ੍ਰੀਤ ਕੌਰ, ਜਿ਼ਲ੍ਹਾ ਪ੍ਰਧਾਨ ਸੰਗਰੂਰ, ਜਿ਼ਲ੍ਹਾ ਸਕੱਤਰ, ਸੰਗਰੂਰ, ਸ: ਅੰਮ੍ਰਿਤਪਾਲ ਸਿੰਘ, ਸੁਪਰਡੰਟ, ਸ: ਬਲਬੀਰ ਸਿੰਘ, ਸੁਪਰਡੰਟ, ਸ੍ਰੀ ਅਮਿਤ ਗਰਗ, ਦਿਲਜਾਨ ਅਲੀ, ਸੰਦੀਪ ਸਿੰਘ, ਹਰਪ੍ਰੀਤ ਸ਼ਰਮਾ, ਸੁਖਪ੍ਰੀਤ ਕੌਰ ਤੋਂ ਇਲਾਵਾ ਡੀ.ਸੀ. ਦਫਤਰ, ਮਾਲੇਰਕੋਟਲਾ, ਐਸ.ਡੀ.ਐਮ. ਅਤੇ ਤਹਿਸੀਲ ਦਫਤਰਾਂ ਦਾ ਸਮੂਹ ਸਟਾਫ਼ ਹਾਜ਼ਰ ਸੀ।