ਤਰਨਤਾਰਨ: ਤਰਨਤਾਰਨ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ BSF ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗੋਲੀਬਾਰੀ ਦੌਰਾਨ ਮਾਰ ਦਿੱਤਾ। BSF ਮੁਤਾਬਕ, ਪਾਕਿਸਤਾਨ ਵਾਲੇ ਪਾਸਿਓਂ ਤਿੰਨ ਵਿਅਕਤੀ ਭਾਰਤੀ ਸਰਹੱਦ ਵੱਲ ਵਧ ਰਹੇ ਸਨ।
ਇਹ ਘਟਨਾ ਰਾਜੋਕੇ BOP ਇਲਾਕੇ ਵਿੱਚ ਰਾਤ ਕਰੀਬ 12:30 ਵਜੇ ਵਾਪਰੀ। BSF ਮੁਤਾਬਕ, ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਰੁਕਣ ਲਈ ਕਿਹਾ ਗਿਆ, ਪਰ ਉਹ ਅੱਗੇ ਵਧਦੇ ਰਹੇ। ਇਸ ਤੋਂ ਬਾਅਦ ਕੀਤੀ ਗਈ ਗੋਲੀਬਾਰੀ ਵਿੱਚ ਦੋ ਘੁਸਪੈਠੀਆਂ ਦੀ ਮੌਤ ਹੋ ਗਈ।
BSF ਅਨੁਸਾਰ, ਕਾਰਵਾਈ ਦੌਰਾਨ ਤੀਜਾ ਵਿਅਕਤੀ ਵਾਪਸ ਪਾਕਿਸਤਾਨ ਵੱਲ ਭੱਜ ਗਿਆ। ਇਸ ਤਰ੍ਹਾਂ ਤਿੰਨ ਵਿਅਕਤੀਆਂ ਵੱਲੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ।
ਘਟਨਾ ਤੋਂ ਬਾਅਦ ਸਰਹੱਦੀ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ BSF ਵੱਲੋਂ ਇਲਾਕੇ ਵਿੱਚ ਚੌਕਸੀ ਜਾਰੀ ਹੈ। ਦੋਵਾਂ ਮ੍ਰਿਤਕਾਂ ਦੀ ਪਛਾਣ ਅਤੇ ਘਟਨਾ ਨਾਲ ਸਬੰਧਤ ਹੋਰ ਵੇਰਵਿਆਂ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।