ਮੁਹਾਲੀ (ਐਸ.ਏ.ਐਸ. ਨਗਰ): ਇੱਥੇ "ਹਰਿ ਹਰਿ ਮਹਾਦੇਵ" ਦੇ ਜੈਕਾਰਿਆਂ ਅਤੇ ਅਲੌਕਿਕ ਮਾਹੌਲ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ "ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ" ਭਜਨ ਸੰਧਿਆ ਵਿੱਚ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ। ਪੰਜਾਬ ਨੂੰ ਗੁਰੂਆਂ ਅਤੇ ਸੰਤਾਂ ਦੀ ਪਵਿੱਤਰ ਧਰਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਾਈਚਾਰਕ ਸਦਭਾਵਨਾ, ਸਾਂਝ ਅਤੇ ਆਪਸੀ ਸਤਿਕਾਰ ਦੀਆਂ ਸਦੀਵੀ ਰਵਾਇਤਾਂ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹਨ।
'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ ਵਿਸਥਾਰ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ ਜੀ, ਸਾਲਾਸਰ ਜੀ, ਵ੍ਰਿੰਦਾਵਨ ਧਾਮ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਦੀ ਸਹੂਲਤ ਦੇਵੇਗੀ, ਜਿਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ। ਇਸ ਵਿੱਚ ਸ਼ਰਧਾਲੂਆਂ ਨੂੰ ਘਰੋਂ ਲੈ ਕੇ ਜਾਣ, ਰਹਿਣ, ਖਾਣ-ਪੀਣ ਅਤੇ ਵਾਪਸੀ ਦੀ ਯਾਤਰਾ ਦਾ ਖ਼ਰਚਾ ਸ਼ਾਮਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਪੰਜਾਬ ਵਿੱਚ ਪਿਆਰ ਅਤੇ ਏਕਤਾ ਹੈ, ਉੱਥੇ ਹੀ ਫੁੱਟਪਾਊ ਤਾਕਤਾਂ ਵੱਲੋਂ ਨਫ਼ਰਤ ਦੇ ਬੀਜ ਬੀਜਣ ਦੀ ਹਰ ਕੋਸ਼ਿਸ਼ ਨੂੰ ਸੂਬੇ ਦੇ ਲੋਕ ਨਾਕਾਮ ਕਰ ਦੇਣਗੇ।
ਇਸ ਪਵਿੱਤਰ ਸਮਾਗਮ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਲਿਖਿਆ, “ਮੁਹਾਲੀ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸੰਗਤ ਦੇ ਅਥਾਹ ਪਿਆਰ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੰਜਾਬ ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਹੈ। ਸਾਡੀ ਭਾਈਚਾਰਕ ਸਾਂਝ ਇੱਕ ਅਜਿਹੇ ਸੁੰਦਰ ਗੁਲਦਸਤੇ ਵਾਂਗ ਹੈ, ਜਿੱਥੇ ਪਿਆਰ ਤੇ ਆਪਸੀ ਏਕਤਾ ਦੀ ਫਸਲ ਲਹਿਰਾਉਂਦੀ ਹੈ, ਨਫ਼ਰਤ ਦੇ ਬੀਜ ਨਹੀਂ।”
ਉਨ੍ਹਾਂ ਕਿਹਾ ਕਿ “ਸਾਡੇ ਵੱਡਿਆਂ ਦੀ ਸ਼ਰਧਾ ਅਤੇ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਅਸੀਂ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਨਵੀਆਂ 'ਮੁੱਖ ਮੰਤਰੀ ਤੀਰਥ ਯਾਤਰਾ' ਬੱਸਾਂ ਦੀ ਸ਼ੁਰੂਆਤ ਕਰ ਰਹੇ ਹਾਂ। ਆਪ ਸਰਕਾਰ ਤੁਹਾਡੇ ਟੈਕਸ ਦੇ ਪੈਸੇ ਤੁਹਾਡੀ ਭਲਾਈ ਲਈ ਖ਼ਰਚ ਰਹੀ ਹੈ। ਮੁਫ਼ਤ ਬਿਜਲੀ, 'ਮਾਵਾਂ ਧੀਆਂ ਸਤਿਕਾਰ ਯੋਜਨਾ' ਰਾਹੀਂ ਔਰਤਾਂ ਨੂੰ ਸਤਿਕਾਰ ਤੇ ਵਿੱਤੀ ਸਹਾਇਤਾ ਅਤੇ 'ਮੁੱਖ ਮੰਤਰੀ ਤੀਰਥ ਯਾਤਰਾ' ਵਰਗੀਆਂ ਸਹੂਲਤਾਂ ਇਸੇ ਸੋਚ ਦਾ ਨਤੀਜਾ ਹਨ।”
ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਗਵਾਨ ਸ਼ਿਵ ਦੀ ਮਹਾਨ ਵਿਰਾਸਤ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਇਸ ਅਹਿਮ ਪ੍ਰੋਗਰਾਮ ਨੂੰ ਪੂਰੇ ਸੂਬੇ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸੂਬਾ ਸਰਕਾਰ ਨੇ ਭਗਵਾਨ ਸ਼ਿਵ ਦਾ ਸੰਦੇਸ਼ ਪਹੁੰਚਾਉਣ ਲਈ ਸੂਬੇ ਦੇ 22 ਸ਼ਹਿਰਾਂ ਵਿੱਚ ਇਹ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ ਹੈ। ਇਸ ਦਾ ਇਹੀ ਮੁੱਖ ਮਕਸਦ ਹੈ ਕਿ ਸਾਵਣ ਦੇ ਇਸ ਪਵਿੱਤਰ ਮਹੀਨੇ ਦੌਰਾਨ ਪੂਰੇ ਪੰਜਾਬ ਦੇ ਲੋਕ ਭਗਵਾਨ ਸ਼ਿਵ ਦੀ ਭਗਤੀ ਵਿੱਚ ਲੀਨ ਹੋ ਜਾਣ।”