- ਸ਼ਰਾਬ ਪੀਣ ਦੌਰਾਨ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਝਗੜਾ
- ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ
ਮੋਹਾਲੀ, 2 ਸਤੰਬਰ : ਡੇਰਾਬੱਸੀ ਦੇ ਹੰਡੇਸਰਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਜੋਲਾ ਕਲਾਂ ਵਿੱਚ ਪੁਰਾਣੀ ਰੰਜਿਸ਼ ਕਾਰਨ ਇੱਕ ਵਿਅਕਤੀ ਵੱਲੋਂ ਆਪਣੇ ਹੀ ਮਾਮੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਭਾਣਜੇ ਨੇ ਕੁਹਾੜੀ ਨਾਲ ਹਮਲਾ ਕਰਕੇ ਮਾਮੇ ਦੀ ਜਾਨ ਲੈ ਲਈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕਮੇਸਰ ਰਾਏ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਰਾਮਜੀ ਰਾਏ ਵਜੋਂ ਹੋਈ ਹੈ। ਉਹ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਬਲੀਹਾਰਪੁਰ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵੇਂ ਇੱਕ ਮੋਟਰ ’ਤੇ ਰਹਿ ਕੇ ਮਜ਼ਦੂਰੀ ਕਰਦੇ ਸਨ ਅਤੇ ਉਨ੍ਹਾਂ ਵਿਚਾਲੇ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਸੀ।
ਪੁਲਿਸ ਮੁਤਾਬਕ ਦੇਰ ਰਾਤ ਕੁਝ ਲੋਕ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਮੇਸਰ ਰਾਏ ਅਤੇ ਰਾਮਜੀ ਰਾਏ ਵਿਚਾਲੇ ਪੁਰਾਣੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਝਗੜਾ ਵਧਣ ’ਤੇ ਦੋਸ਼ ਹੈ ਕਿ ਰਾਮਜੀ ਰਾਏ ਨੇ ਕੁਹਾੜੀ ਨਾਲ ਆਪਣੇ ਮਾਮੇ ’ਤੇ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਕਾਰਨ ਕਮੇਸਰ ਰਾਏ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਹੰਡੇਸਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਨੇ ਕਾਰਵਾਈ ਕਰਦਿਆਂ ਰਾਮਜੀ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ 2 ਸਤੰਬਰ ਨੂੰ ਕੇਸ ਨੰਬਰ 67 ਦਰਜ ਕਰਕੇ BNS ਦੀ ਧਾਰਾ 103(1) ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ। ਰਿਮਾਂਡ ਦੌਰਾਨ ਕਤਲ ਦੇ ਕਾਰਨਾਂ ਅਤੇ ਵਾਰਦਾਤ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।