ਪਿਛਲੇ ਤਿੰਨ ਦਿਨ ਵਿੱਚ ਵਾਪਰੀਆਂ ਕਤਲ ਦੀਆਂ ਘਟਨਾਵਾਂ ਨੇ ਸਾਬਿਤ ਕੀਤਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ - ਇਯਾਲੀ
ਮੁੱਲਾਂਪੁਰ ਦਾਖਾ: ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਤੋ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਲੋਂ ਕੀਤੀ ਜਾ ਰਹੀ ਇਨਸਾਫ਼ ਦੀ ਮੰਗ ਦੌਰਾਨ ਪੁਲਿਸ ਵਲੋ ਮ੍ਰਿਤਕ ਦੇਹ ਨੂੰ ਚੁੱਕ ਕੇ ਲੈ ਜਾਣਾ ਅਤਿ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਪੰਜਾਬ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਪੰਜਾਬ ਪੁਲਿਸ ਸਰਕਾਰ ਦੇ ਰਾਜਨੀਤਿਕ ਵਿੰਗ ਵਜੋ ਕੰਮ ਕਰ ਰਹੀ ਹੈ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ, ਅੱਜ ਕਤਲ ਦੀਆਂ ਵਾਰਦਾਤਾਂ ਨੇ ਪੰਜਾਬ ਨੂੰ ਦਹਿਲਾ ਦਿੱਤਾ ਹੈ। ਮੋਗਾ ਦੇ ਪਿੰਡ ਵਿੱਚ ਵਾਪਰੀ ਦੋਹਰੇ ਕਤਲ ਦੀ ਘਟਨਾ ਤੋਂ ਬਾਅਦ ਸਪਸ਼ਟ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰਾਂ ਖਰਾਬ ਹੋ ਚੁੱਕੀ ਹੈ, ਪੰਜਾਬ ਜੰਗਲ ਰਾਜ ਵਿੱਚ ਤਬਦੀਲ ਹੋ ਚੁੱਕਾ ਹੈ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਨਸ਼ੇ ਦੇ ਜਰੀਏ ਪੰਜਾਬ ਦੀ ਜਵਾਨੀ ਦੀ ਸਾਜਿਸ਼ੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਨਸ਼ੇ ਨਾਲ ਹੋ ਰਹੀਆਂ ਮੌਤਾਂ ਨੂੰ ਸਿਆਸੀ ਪੁਸ਼ਤਪਨਾਹੀ ਹੇਠ ਕੀਤੀ ਜਾ ਰਹੀ ਨਸਲਕੁਸ਼ੀ ਕਰਾਰ ਦਿੰਦੇ ਹੋਏ ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲ ਵੇਖ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਖਾਲਸਾ ਵਹੀਰ ਜਰੀਏ ਹਜਾਰਾਂ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿੱਚੋ ਬਾਹਰ ਕੱਢਿਆ।