'ਆਪ' ਨੂੰ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਲੁੱਟੇ ਗਈ ਪਾਈ-ਪਾਈ ਦਾ ਹਿਸਾਬ ਦੇਣਾ ਪਵੇਗਾ: ਪੰਜਾਬ ਭਾਜਪਾ ਪ੍ਰਧਾਨ
ਚੰਡੀਗੜ੍ਹ, : ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਕਿਹਾ ਕਿ 'ਸ਼ੀਸ਼ ਮਹਿਲ' ਵਿਵਾਦ ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਇਆ ਹੋਇਆ 'ਆਮ ਆਦਮੀ' ਦਾ ਨਕਾਬ ਪੂਰੀ ਤਰ੍ਹਾਂ ਲਾਹ ਦਿੱਤਾ ਹੈ, ਜਿਸ ਨਾਲ ਦਿੱਲੀ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਉਨ੍ਹਾਂ ਦੇ ਦੋਹਰੇ ਮਾਪਦੰਡ ਬੇਨਕਾਬ ਹੋ ਗਏ ਹਨ।
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਕਦੇ ਸਰਕਾਰੀ ਬੰਗਲਾ ਨਾ ਲੈਣ, ਵੈਗਨਆਰ ਕਾਰ ਚਲਾਉਣ ਅਤੇ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੀ ਸਹੁੰ ਖਾ ਕੇ ਸਿਆਸਤ ਵਿੱਚ ਆਉਣ ਵਾਲੇ ਆਗੂ ਨੇ ਨਾਗਰਿਕਾਂ ਨੂੰ ਸਾਦਗੀ ਦਾ ਪਾਠ ਪੜ੍ਹਾਉਂਦੇ ਹੋਏ ਆਖ਼ਰਕਾਰ ਕਰ ਦਾਤਿਆਂ ਦੇ ਲਗਭਗ 59 ਕਰੋੜ ਰੁਪਏ ਆਲੀਸ਼ਾਨ ਝੂਮਰਾਂ, ਪਰਦਿਆਂ ਅਤੇ ਮਾਡਿਊਲਰ ਰਸੋਈ 'ਤੇ ਖ਼ਰਚ ਕਰ ਦਿੱਤੇ, ਢਿੱਲੋਂ ਨੇ ਕਿਹਾ ਕਿ ਦਿੱਲੀ ਦੇ ਵੋਟਰਾਂ ਨੇ ਇਸ ਪਖੰਡ ਵਿਰੁੱਧ ਆਪਣਾ ਫ਼ੈਸਲਾ ਪਹਿਲਾਂ ਹੀ ਸੁਣਾ ਦਿੱਤਾ ਹੈ। ਕੌਮੀ ਰਾਜਧਾਨੀ ਵਿੱਚੋਂ ਨਕਾਰੇ ਜਾਣ ਤੋਂ ਬਾਅਦ, 'ਆਪ' ਲੀਡਰਸ਼ਿਪ ਨੇ ਹੁਣ ਪੰਜਾਬ ਨੂੰ ਆਪਣੀ ਨਿੱਜੀ ਐਸ਼ਪ੍ਰਸਤੀ ਦੀ ਸੈਰਗਾਹ ਬਣਾ ਲਿਆ ਹੈ।
ਇਹ ਸਪੱਸ਼ਟ ਕਰਦਿਆਂ ਕਿ ਪੰਜਾਬ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ, ਭਾਜਪਾ ਸੂਬਾ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਪੰਜਾਬੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਨਿੱਜੀ ਖ਼ਜ਼ਾਨਾ ਸਮਝਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਢਿੱਲੋਂ ਨੇ ਐਲਾਨ ਕੀਤਾ, "'ਆਪ' ਸਰਕਾਰ ਨੂੰ ਸੂਬੇ ਸਿਰ ਚੜ੍ਹਾਏ ਜਾ ਰਹੇ ਲਗਾਤਾਰ ਵਧਦੇ ਕਰਜ਼ੇ ਅਤੇ ਝੂਠੇ ਇਸ਼ਤਿਹਾਰਾਂ 'ਤੇ ਉਡਾਏ ਗਏ ਕਰੋੜਾਂ ਰੁਪਏ ਦਾ ਹਿਸਾਬ ਦੇਣਾ ਪਵੇਗਾ। ਸਿਆਸੀ ਲਾਲਸਾਵਾਂ ਅਤੇ ਨਿੱਜੀ ਐਸ਼ੋ-ਆਰਾਮ ਲਈ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ ਇੱਧਰ-ਉੱਧਰ ਕੀਤੇ ਗਏ ਇੱਕ-ਇੱਕ ਰੁਪਏ ਦਾ ਹਿਸਾਬ ਲਿਆ ਜਾਵੇਗਾ।"
ਸੂਬੇ ਭਰ ਵਿੱਚ ਕਿਸਾਨਾਂ ਅਤੇ ਵਪਾਰੀਆਂ ਦੇ ਸੰਘਰਸ਼ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਜ਼ਿਕਰ ਕਰਦਿਆਂ ਢਿੱਲੋਂ ਨੇ ਅੱਗੇ ਕਿਹਾ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਇਸ ਪ੍ਰਸ਼ਾਸਕੀ ਖੜੋਤ ਵਿੱਚੋਂ ਬਾਹਰ ਕੱਢ ਸਕਦੀ ਹੈ, ਸ਼ਾਂਤੀ ਅਤੇ ਉਦਯੋਗਿਕ ਨਿਵੇਸ਼ ਨੂੰ ਬਹਾਲ ਕਰ ਸਕਦੀ ਹੈ, ਅਤੇ 2027 ਵਿੱਚ ਇੱਕ ਮਜ਼ਬੂਤ ਤੇ ਜਵਾਬਦੇਹ ਡਬਲ-ਇੰਜਣ ਸਰਕਾਰ ਦੇ ਸਕਦੀ ਹੈ।