ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਦੀਆਂ ਤਿਆਰੀਆਂ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਕੈਬਨਿਟ ਮੰਤਰੀ ਸ.ਹਰਭਜਨ ਸਿੰਘ ਈ.ਟੀ.ਓ ਨੇ ਜਾਇਜ਼ਾ ਲੈਂਦਿਆਂ ਜਾਣਕਾਰੀ ਦਿੱਤੀ ਕਿ ਇਲਾਕੇ ਵਿੱਚ ਕਦੇ ਨਾ ਹੋਏ ਇਸ ਪੱਧਰ ਦੇ ਵਿਕਾਸੀ ਕੰਮ ਹੁਣ ਜੰਗੀ ਤੌਰ 'ਤੇ ਜਾਰੀ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਦੀਆਂ 317 ਕਿਲੋਮੀਟਰ ਸੜਕਾਂ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਰਧਾਲੂਆਂ ਦੀ ਆਵਾਜਾਈ ਪੂਰੀ ਤਰ੍ਹਾਂ ਸੁਚਾਰੂ ਹੋਵੇਗੀ। ਇਸਦੇ ਨਾਲ ਹੀ ਸ਼ਹਿਰ ਦੇ ਅੰਦਰੂਨੀ 127 ਕਿਲੋਮੀਟਰ ਮਾਰਗਾਂ ਦੀ 49.32 ਕਰੋੜ ਰੁਪਏ ਨਾਲ ਨਵੀਨੀਕਰਨ ਪ੍ਰਕਿਰਿਆ ਜਾਰੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਤਕਨਾਲੋਜੀ ਸੁਧਾਰਾਂ ਤੇ ਵੀ ਵੱਡਾ ਧਿਆਨ ਦਿੱਤਾ ਗਿਆ ਹੈ। ਊਰਜਾ ਕੁਸ਼ਲ ਤਕਨਾਲੋਜੀ ਨਾਲ 750 ਨਵੇਂ ਪੋਲ ਲਗਾਏ ਗਏ ਹਨ, ਜੋ ਘੱਟ ਬਿਜਲੀ ਖਪਤ ਨਾਲ ਵੱਧ ਰੋਸ਼ਨੀ ਪ੍ਰਦਾਨ ਕਰਨਗੇ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ “ਵਾਈਟ ਸਿਟੀ” ਦੇ ਰੂਪ ਵਿੱਚ ਨਵੀਂ ਪਹਿਚਾਣ ਦੇਣਗੇ।
ਉਨ੍ਹਾਂ ਕਿਹਾ ਕਿ ਗੁਰੂ ਨਗਰੀ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਦੇ ਨਵੀਨੀਕਰਨ ਦਾ ਕੰਮ ਵੱਖ-ਵੱਖ ਪੜਾਅ ਵਿੱਚ ਚੱਲ ਰਿਹਾ ਹੈ। ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਮਾਰਗ ਦਾ 13 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਜਾਰੀ ਹੈ, ਜੋ ਇੱਕ ਮਹੱਤਵਪੂਰਨ ਲਿੰਕ ਸੜਕ ਹੈ।
ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਪੰਜਾਬ ਸਰਕਾਰ ਨੇ ਵੱਡੀ ਪੱਧਰ ਦੀ ਸੁਵਿਧਾ ਉਪਲੱਬਧ ਕਰਵਾਈ ਹੈ। ਟੈਂਟ ਸਿਟੀ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ, ਜਿਸ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਟੈਂਟ ਸਿਟੀ ਦੀ ਆਨਲਾਈਨ ਬੁਕਿੰਗ ਪੂਰੀ ਤਰ੍ਹਾਂ ਮੁਫ਼ਤ ਰਹੇਗੀ, ਤਾਂ ਜੋ ਹਰ ਸ਼ਰਧਾਲੂ ਆਸਾਨੀ ਨਾਲ ਯਾਤਰਾ ਦੀ ਯੋਜਨਾ ਬਣਾ ਸਕੇ।
ਇਸ ਪਵਿੱਤਰ ਮੌਕੇ ਨੂੰ ਸਮਰਪਿਤ ਚਾਰ ਅਲੌਕਿਕ ਨਗਰ ਕੀਰਤਨ ਵੀ ਸਜਾਏ ਜਾਣਗੇ, ਜਿਨ੍ਹਾਂ ਦੀ ਅਗਵਾਈ ਸੰਤ ਮਹਾਪੁਰਸ਼ ਕਰਨਗੇ। ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੇਵਾ ਲਈ ਹਰੇਕ ਸੰਭਵ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ 24 ਨਵੰਬਰ ਨੂੰ ਹੋਣ ਵਾਲਾ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਵੀ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗਾ। ਹਰਭਜਨ ਸਿੰਘ ਈ.ਟੀ.ਓ ਨੇ ਵਿਧਾਨ ਸਭਾ ਸੈਸ਼ਨ ਲਈ ਹੋ ਰਹੇ ਕੰਮਾਂ ਦਾ ਮੌਕੇ ‘ਤੇ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਾਰੇ ਕੰਮ ਸਮੇਂ ਸਿਰ ਪੂਰੇ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਦਾ ਯਤਨ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਇਤਿਹਾਸਕ ਸਮਾਗਮਾਂ ਦੌਰਾਨ ਹਰ ਸ਼ਰਧਾਲੂ ਨੂੰ ਸੁਵਿਧਾ, ਸੁਰੱਖਿਆ ਅਤੇ ਰੂਹਾਨੀ ਅਨੁਭਵ ਦਾ ਪੂਰਾ ਅਹਿਸਾਸ ਹੋਵੇ।