ਨਵੀਂ ਦਿੱਲੀ, 5 ਜੁਲਾਈ (ਹਰਜਿੰਦਰ ਸਿੰਘ ਭੱਟੀ): ਆਧੁਨਿਕ ਵਿੱਦਿਆ, ਰੁਜਗਾਰ, ਸਮਾਜ-ਸੇਵੀ ਤੇ ਧਾਰਮਿਕ ਕਾਰਜਾਂ 'ਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਕਲਗ਼ੀਧਰ ਟਰੱਸਟ, ਬੜੂ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੇ ਅਨਿਨ ਸੇਵਕ ਅਤੇ ਤਪ-ਸਥਾਨ ਗੁਰਦੁਆਰਾ ਬੜੂ ਸਹਿਬ ਦੇ ਸੰਸਥਾਪਕ ਸੰਤ ਬਾਬਾ ਤੇਜਾ ਸਿੰਘ ਜੀ (ਐੱਮ.ਏ., ਐੱਲ.ਐੱਲ.ਬੀ. (ਪੰਜਾਬ), ਏ.ਐੱਮ. ਹਾਰਵਰਡ) ਦੀ 61ਵੀਂ ਸਲਾਨਾ ਬਰਸੀ ਦੇ ਸੰਬੰਧ ਵਿੱਚ ਸੰਤ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ 5 ਜੁਲਾਈ 2026 ਨੂੰ ਬੜੇ ਪ੍ਰੇਮ-ਉਤਸ਼ਾਹ ਅਤੇ ਸ਼ਰਧਾ-ਪੂਰਵਕ ਮਨਾਇਆ ਗਿਆ।
ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾ-ਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। 5 ਜੁਲਾਈ ਨੂੰ ਅੰਮ੍ਰਿਤ ਵੇਲੇ 2:25 ਤੋਂ 3:45 ਤੱਕ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਅਰਦਾਸ ਅਤੇ ਹੁਕਮਨਾਮਾ ਸਾਹਿਬ ਲਿਆ ਗਿਆ। ਅਨਾਹਦ ਬਾਣੀ ਜਥਾ ਗੁਰਦੁਆਰਾ ਬੜੂ ਸਾਹਿਬ ਵੱਲੋਂ ਤੰਤੀ ਸਾਜਾਂ ਨਾਲ ਆਸਾ ਦੀ ਵਾਰ ਕੀਤੀ ਗਈ। ਇਸ ਦੇ ਬਾਅਦ ਆਨੰਦ ਸਾਹਿਬ ਦਾ ਪਾਠ ਉਪਰੰਤ ਹੁਕਮਨਾਮਾ ਲਿਆ ਗਿਆ। ਇਸ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾ-ਵਾਚਕਾਂ ਵੱਲੋਂ ਸ਼ਬਦ ਕੀਰਤਨ ਅਤੇ ਵਿਚਾਰਾਂ ਦੀ ਸਾਂਝ ਸੰਗਤ ਨਾਲ ਪਾਈ ਗਈ।
ਗਿਆਨੀ ਗਗਨਦੀਪ ਸਿੰਘ ਜੀ (ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ) ਵੱਲੋਂ ਸ਼ਬਦ ਵਿਚਾਰ, ਭਾਈ ਕਮਲਜੀਤ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਸਾਹਿਬ), ਭਾਈ ਮਨੋਹਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ, ਭਾਈ ਅਮਨਦੀਪ ਸਿੰਘ ਜੀ (ਹਜੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਸਾਹਿਬ), ਸ਼ਬਦ ਕੀਰਤਨ ਭਾਈ ਹਰਜੋਤ ਸਿੰਘ ਜੀ "ਜ਼ਖਮੀ" ਜਲੰਧਰ, ਸ਼ਬਦ ਕੀਰਤਨ ਅਖੰਡ ਕੀਰਤਨੀ ਜਥਾ ਦਿੱਲੀ, ਭਾਈ ਹਰਦੀਪ ਸਿੰਘ ਜੀ (ਭਾਈ ਜੈਤਾ ਜੀ ਨਿਸ਼ਕਾਮ ਜਥਾ, ਦਿੱਲੀ), ਸ਼ਬਦ ਕੀਰਤਨ ਤੰਤੀ ਸਾਜਾਂ ਰਾਹੀਂ ਅਕਾਲ ਸੰਗੀਤ ਗੁਰਮਤਿ ਵਿਦਿਆਲਾ, ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਮਹਾਰਾਜ ਚੀਮਾ ਸਾਹਿਬ, ਢਾਡੀ ਵਾਰਾਂ ਅਕਾਲ ਇੰਟਰਨੈਸ਼ਨਲ ਜਥਾ ਗੁਰਦੁਆਰਾ ਬੜੂ ਸਾਹਿਬ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ) ਅਕਾਲ ਸੰਗੀਤ ਵਿਦਿਆਲਾ, ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵੱਲੋਂ ਤੰਤੀ ਸਾਜਾਂ ਨਾਲ ਕੀਰਤਨ, ਸ਼ਾਮ 7 ਵਜੇ ਸੋ ਦਰ ਰਹਰਾਸਿ ਸਾਹਿਬ ਪਾਠ ਉਪਰੰਤ ਅਰਦਾਸ ਬਾਅਦ ਹੁਕਮਨਾਮਾ ਲਿਆ ਗਿਆ। ਆਰਤੀ ਅਤੇ ਸ਼ਬਦ ਕੀਰਤਨ - ਅਨਾਹਦ ਬਾਣੀ ਦਾ ਪਾਠ ਤੰਤੀ ਸਾਜ ਜਥਾ ਗੁਰਦੁਆਰਾ ਬੜੂ ਸਾਹਿਬ ਵੱਲੋਂ ਕੀਤਾ ਗਿਆ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਕਥਾ ਵਿਚਾਰ ਕੀਤੀ ਗਈ। ਸਮਾਗਮ ਦੇ ਅੰਤ ਸਮੇਂ ਮੁੱਖ ਸੇਵਾਦਾਰ ਗੁਰਦੁਆਰਾ ਬੜੂ ਸਾਹਿਬ ਡਾ: ਦਵਿੰਦਰ ਸਿੰਘ ਜੀ ਵੱਲੋਂ ਸੰਗਤ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਈ ਗਈ ਅਤੇ ਭਾਈ ਤਰਨਵੀਰ ਸਿੰਘ ਜੀ 'ਰਬੀ’ ਵੱਲੋਂ ਸ਼ਬਦ ਕੀਰਤਨ ਨਾਲ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਰਦਾਸ ਉਪਰੰਤ ਹੁਕਮਨਾਮਾ ਸਾਹਿਬ ਲੈ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਕਲਗ਼ੀਧਰ ਟਰੱਸਟ, ਬੜੂ ਸਾਹਿਬ ਦੇ ਪ੍ਰੈਜ਼ੀਡੈਂਟ ਡਾ: ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਜਗਜੀਤ ਸਿੰਘ ਜੀ (ਕਾਕਾ ਵੀਰ ਜੀ) ਨੇ ਇਸ ਸਮਾਗਮ ਵਿੱਚ ਗੁਰੂ ਦੀਆਂ ਸੰਗਤਾਂ ਦਾ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ ਗਿਆ।