ਚੰਡੀਗੜ੍ਹ, : ਕਲਾਸਰੂਮ ਸਿੱਖਿਆ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵ ਦੇ ਬਿਹਤਰ ਅਭਿਆਸਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ 15 ਦਿਨਾਂ ਦੀ ਸਿਖਲਾਈ ਵਾਸਤੇ ਪ੍ਰਾਇਮਰੀ ਕਾਡਰ ਦੇ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਬੈਚ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ.), ਸੈਂਟਰ ਹੈੱਡ ਟੀਚਰ (ਸੀ.ਐਚ.ਟੀ.), ਹੈੱਡ ਟੀਚਰ (ਐਚ.ਟੀ.) ਅਤੇ ਈ.ਟੀ.ਟੀ. ਅਧਿਆਪਕ ਸ਼ਾਮਲ ਸਨ, ਜੋ ਫਿਨਲੈਂਡ ਦੇ ਵਿਸ਼ਵ-ਪ੍ਰਸਿੱਧ ਟੀਚਿੰਗ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
ਅੱਜ ਇੱਥੇ ਮੈਗਸੀਪਾ ਵਿਖੇ ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਬੈਚ ਦੀ ਸਿਖਲਾਈ ਨਾਲ ਫਿਨਲੈਂਡ ਦੀਆਂ ਅਧਿਆਪਨ ਵਿਧੀਆਂ ਬਾਰੇ ਸਿਖਲਾਈ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਕੁੱਲ ਗਿਣਤੀ 216 ਹੋ ਜਾਵੇਗੀ। ਇਹ ਕਦਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਵਿੱਚ ਸਾਕਾਰਤਮਕ ਬਦਲਾਅ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ 50 ਮੁੱਖ ਅਧਿਆਪਕਾਂ ਦਾ ਪੰਜਵਾਂ ਬੈਚ 15 ਤੋਂ 19 ਦਸੰਬਰ, 2025 ਤੱਕ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.), ਅਹਿਮਦਾਬਾਦ ਵਿਖੇ ਇੱਕ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ।
ਪੰਜਾਬ ਸਰਕਾਰ ਦੀ ਦੇਸ਼ ਵਿੱਚੋਂ ਸਰਬੋਤਮ ਅਧਿਆਪਕ ਸਮਰੱਥਾ-ਨਿਰਮਾਣ ਪਹਿਲਕਦਮੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ 234 ਪ੍ਰਿੰਸੀਪਲਾਂ ਅਤੇ ਵਿਦਿਅਕ ਪ੍ਰਬੰਧਕਾਂ ਨੂੰ ਸਿੰਗਾਪੁਰ ਵਿਖੇ ਉੱਨਤ ਪ੍ਰਬੰਧਕੀ ਅਤੇ ਅਕਾਦਮਿਕ ਲੀਡਰਸ਼ਿਪ ਵਿੱਚ ਸਿਖਲਾਈ ਦਿਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 199 ਹੈੱਡਮਾਸਟਰਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿਖੇ ਆਪਣੇ ਰਣਨੀਤਕ ਅਤੇ ਪ੍ਰਬੰਧਕੀ ਹੁਨਰਾਂ ਨੂੰ ਨਿਖਾਰਿਆ ਹੈ ਅਤੇ ਹੁਣ ਤੱਕ 144 ਪ੍ਰਾਇਮਰੀ ਅਧਿਆਪਕਾਂ ਵੱਲੋਂ ਫਿਨਲੈਂਡ ਵਿੱਚ ਸਿਖਲਾਈ ਮੁਕੰਮਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਯੋਗਤਾ ਦੇ ਆਧਾਰ 'ਤੇ ਚੁਣੇ ਗਏ ਇਹ ਅਧਿਆਪਕ "ਮਾਸਟਰ ਟ੍ਰੇਨਰਾਂ" ਵਜੋਂ ਕੰਮ ਕਰਨਗੇ ਅਤੇ ਇਸ ਸਿਖਲਾਈ ਰਾਹੀਂ ਪ੍ਰਾਪਤ ਗਿਆਨ ਅਤੇ ਹੁਨਰਾਂ ਨੂੰ ਵਾਪਸ ਆ ਕੇ ਆਪਣੇ ਸਾਥੀ ਅਧਿਆਪਕਾਂ ਤੱਕ ਪਹੁੰਚਾਉਣਗੇ, ਜਿਸ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ 'ਤੇ ਬਹੁਪੱਖੀ ਸਕਾਰਾਤਮਕ ਪ੍ਰਭਾਵ ਪਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਇਹ ਸਿਰਫ਼ ਇੱਕ ਸਿਖਲਾਈ ਪ੍ਰੋਗਰਾਮ ਨਹੀਂ ਹੈ ਬਲਕਿ ਇਹ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਦਾ ਇੱਕ ਮਿਸ਼ਨ ਹੈ। ਫਿਨਲੈਂਡ ਦੇ ਸਹਿਯੋਗੀ ਸਿਖਲਾਈ ਮਾਡਲਾਂ ਤੋਂ ਲੈ ਕੇ ਆਈ.ਆਈ.ਐਮ. ਅਹਿਮਦਾਬਾਦ ਦੇ ਰਣਨੀਤਕ ਲੀਡਰਸ਼ਿਪ ਢਾਂਚੇ ਤੱਕ ਦੁਨੀਆ ਦੀਆਂ ਸਰਬੋਤਮ ਵਿਦਿਅਕ ਪ੍ਰਣਾਲੀਆਂ ਬਾਰੇ ਆਪਣੇ ਅਧਿਆਪਕਾਂ ਨੂੰ ਜਾਣਕਾਰੀ ਪ੍ਰਦਾਨ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਮਿਆਰ ਦੀ ਸਿੱਖਿਆ ਮਿਲੇ ਜੋ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰੇ। ਇਹਨਾਂ ਸਿਖਲਾਈ ਪ੍ਰਾਪਤ ਅਧਿਆਪਕਾਂ ਦਾ ਪ੍ਰਭਾਵ ਸੂਬੇ ਭਰ ਦੇ ਹਰ ਕਲਾਸਰੂਮ ਵਿੱਚ ਮਹਿਸੂਸ ਕੀਤਾ ਜਾਵੇਗਾ।"
ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀਮਤੀ ਅਨਿੰਦਤਾ ਮਿਤਰਾ, ਡਾਇਰੈਕਟਰ ਐੱਸ.ਸੀ.ਆਰ.ਟੀ. ਕਿਰਨ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।