Thursday, July 10, 2025

Punjab

ਮੁੱਖ ਮੰਤਰੀ ਨੇ ਵਰਚੁਅਲ ਤੌਰ 'ਤੇ ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ

PUNJAB NEWS EXPRESS | January 25, 2021 04:01 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲ੍ਹਿਆਂਵਾਲਾ ਬਾਗ਼ ਦੁਖਾਂਤ ਦੇ ਗੁਮਨਾਮ ਨਾਇਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਕ ਕਵਿਤਾ “ਸਾਲਾਂ ਬਾਅਦ ਵੀ, (ਅਸੀਂ) ਸ਼ਹੀਦਾਂ ਦਾ ਦਰਦ ਸੀਨੇ ਵਿੱਚ ਸੰਜੋ ਰੱਖਿਆ ਹੈ” ਰਾਹੀਂ ਭਾਵੁਕ ਸ਼ਰਧਾਂਜਲੀ ਦਿੰਦਿਆਂ ਵਰਚੁਅਲ ਤੌਰ ਉਤੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ।

ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਇਹ ਯਾਦਗਾਰ ਸਥਾਪਤ ਕਰਨ ਲਈ ਸੂਬਾ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ 'ਤੇ ਵਰ੍ਹਦਿਆਂ ਕਿਹਾ ਕਿ ਹਰੇਕ ਪੰਜਾਬੀ ਨੂੰ ਇਸ ਲਾਸਾਨੀ ਦੁਖਾਂਤ ਨੂੰ ਯਾਦ ਕਰਨ ਦਾ ਹੱਕ ਹੈ ਜਿਸ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਸ਼ਤਾਬਦੀ ਸਮਾਰੋਹ ਦੇ ਜਸ਼ਨਾਂ ਨੂੰ ਇਕ ਖੁਸ਼ੀ ਭਰਿਆ ਮੌਕਾ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਜਲ੍ਹਿਆਂਵਾਲਾ ਬਾਗ਼ ਵਿਖੇ ਕਰਵਾਏ ਜਾਣ ਵਾਲੇ ਇਤਿਹਾਸਕ ਸਮਾਗਮ ਦੇ ਰਾਸ਼ਟਰੀ ਪੱਧਰ ਦੇ ਜਸ਼ਨਾਂ ਵਿਚ ਵੀ ਹਿੱਸਾ ਲੈਣਗੇ।

ਇਸ ਮੌਕੇ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਵਿਖੇ ਜਲ੍ਹਿਆਂਵਾਲਾ ਬਾਗ਼ ਚੇਅਰ ਸਥਾਪਤ ਕਰਨ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਮਨੁੱਖਤਾਵਾਦੀ ਦੁਖਾਂਤ ਵਿੱਚੋਂ ਇੱਕ ਇਸ ਦੁਖਦਾਇਕ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਰੋਹ ਦਾ ਐਲਾਨ ਕੀਤਾ। ਉਹਨਾਂ ਕਤਲੇਆਮ ਸਬੰਧੀ ਰੁਖਸ਼ੰਦਾ ਜਲੀਲ ਦੀ ਕਵਿਤਾ ਦੀਆਂ ਸਤਰਾਂ ਵੀ ਪੜ੍ਹੀਆਂ, “ਅਸਮਾਨ ਇੱਥੇ ਹਰ ਰੋਜ਼ ਰੋਣ ਲਈ ਆਉਂਦਾ ਹੈ, ਤੀਰ ਹਾਲੇ ਵੀ ਪੰਜਾਬ ਦੇ ਸੀਨੇ ਨੂੰ ਵਿੰਨ੍ਹਦੇ ਹਨ।”

ਮੁੱਖ ਮੰਤਰੀ ਨੇ ਦੱਸਿਆਂ ਕਿ ਇਸ ਕਤਲੇਆਮ ਵਿੱਚ ਹੋਈਆਂ ਮੌਤਾਂ ਦੀ ਸਹੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੂਰੇ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਜੋ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦੇ ਪਿੰਡਾਂ ਵਿਚ ਛੋਟੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾਣ। ਜਨਰਲ ਡਾਇਰ ਵਲੋਂ ਉਥੇ ਇਕੱਠੇ ਹੋਏ 5000 ਲੋਕਾਂ ਵਿੱਚੋਂ 200-300 ਮੌਤਾਂ ਦੇ ਅੰਕੜਿਆਂ ਸਬੰਧੀ ਦਿੱਤੇ ਹਵਾਲਾ ਬਾਰੇ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀ ਜੀ ਨੇ 1500 ਮੌਤਾਂ ਦਾ ਹਵਾਲਾ ਦਿੱਤਾ ਸੀ, ਜਿਨ੍ਹਾਂ ਵਿੱਚੋਂ ਸਿਰਫ 492 ਸ਼ਹੀਦਾਂ ਦੇ ਨਾਮ ਮੌਜੂਦ ਹਨ।

ਉਹਨਾਂ ਕਾਲਾ ਪਾਣੀ ਵਿਖੇ ਸੈਲੂਲਰ ਜੇਲ੍ਹ ਦੇ ਆਪਣੇ ਦੌਰੇ ਨੂੰ ਯਾਦ ਕੀਤਾ ਜਿੱਥੇ ਬਹੁਤ ਸਾਰੇ ਪੰਜਾਬੀਆਂ ਦੇ ਨਾਂ ਸਨ ਜਿਨ੍ਹਾਂ ਬਾਰੇ ਕਿਸੇ ਨੂੰ ਨਹੀਂ ਪਤਾ। ਉਹਨਾਂ ਨੇ ਸ੍ਰੀ ਚੰਨੀ ਨੂੰ ਇਹਨਾਂ ਸ਼ਹੀਦਾਂ ਦੀ ਸੰਪੂਰਨ ਜਾਣਕਾਰੀ ਹਾਸਲ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਇਹਨਾਂ ਸ਼ਹੀਦਾਂ ਲਈ ਯਾਦਗਾਰਾਂ ਦਾ ਨਿਰਮਾਣ ਕੀਤਾ ਜਾਵੇਗਾ।

ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸ਼ਨਾਖ਼ਤ ਕੀਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ 492 ਪਰਿਵਾਰਾਂ ਵਿੱਚੋਂ 29 ਪਰਿਵਾਰਕ ਮੈਂਬਰਾਂ ਨੂੰ ਕਲਸ਼ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਸ਼ਨਾਖ਼ਤ ਕੀਤੇ ਗਏ ਸ਼ਹੀਦਾਂ ਵਿਚ ਖੁਸ਼ੀ ਰਾਮ, ਹਰੀ ਰਾਮ, ਸੁੰਦਰ ਸਿੰਘ ਪੁੱਤਰ ਗਿਆਨ ਸਿੰਘ, ਵਾਸੂ ਮੱਲ, ਜੈ ਨਾਰਾਇਣ, ਗੋਪਾਲ ਸਿੰਘ, ਤਾਰਾ ਚੰਦ, ਬਿਸ਼ਨ ਦਾਸ, ਬਖਸ਼ੀਸ਼ ਸਿੰਘ, ਪ੍ਰੇਮ ਸਿੰਘ, ਬੀਬੀ ਹਰ ਕੌਰ, ਦਿਆਲ ਸਿੰਘ, ਸੁੰਦਰ ਸਿੰਘ ਪੁੱਤਰ ਨੱਥੂ, ਠਾਕੁਰ ਸਿੰਘ, ਬੂਹੜ ਸਿੰਘ ਪੁੱਤਰ ਤੇਜਾ ਸਿੰਘ, ਬੂਹੜ ਸਿੰਘ ਪੁੱਤਰ ਦੇਵਾ ਸਿੰਘ, ਝੰਡਾ ਸਿੰਘ, ਗੰਡਾ ਸਿੰਘ, ਨੱਥਾ ਸਿੰਘ, ਲਛਮਣ ਸਿੰਘ ਪੁੱਤਰ ਹੀਰਾ ਸਿੰਘ, ਬਿਸ਼ਨ ਸਿੰਘ, ਲਛਮਣ ਸਿੰਘ ਪੁੱਤਰ ਦਿਆਲ ਸਿੰਘ , ਬਾਵਾ ਸਿੰਘ, ਅਮੀ ਚੰਦ, ਚੇਤ ਸਿੰਘ, ਬੁੱਢਾ ਸਿੰਘ, ਸੋਹਣ ਸਿੰਘ, ਤਾਰਾ ਸਿੰਘ ਅਤੇ ਈਸ਼ਰ ਸਿੰਘ ਸ਼ਾਮਲ ਹਨ।

ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਅੰਮ੍ਰਿਤ ਆਨੰਦ ਪਾਰਕ ਵਿਖੇ 4490 ਵਰਗ ਮੀਟਰ ਵਿੱਚ ਬਣਾਇਆ ਜਾਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਯਾਦਗਾਰ ਸਾਬਤ ਹੋਵੇਗਾ। ਇਸ ਯਾਦਗਾਰ ਨੂੰ 3.52 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਸ ਪਵਿੱਤਰ ਯਾਦਗਾਰ ਨੂੰ ਬਣਾਉਣ ਲਈ ਸ਼ਹੀਦਾਂ ਦੇ ਰਿਸ਼ਤੇਦਾਰਾਂ ਜਾਂ ਪੰਚਾਇਤਾਂ/ਸਰਪੰਚਾਂ/ਕੌਂਸਲਰਾਂ ਦੁਆਰਾ ਲਿਆਂਦੀ ਮਿੱਟੀ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿਲੱਖਣ ਯਾਦਗਾਰ ਨੂੰ ਇਸ ਤਰ੍ਹਾਂ ਡਿਜਾਇਨ ਕੀਤਾ ਗਿਆ ਹੈ ਜਿਵੇਂ ਪੰਜ ਸੰਗਮਰਮਰ ਦੇ ਖੰਭ ਆਸਮਾਨ ਵਿੱਚ ਨੂੰ ਛੂਹ ਰਹੇ ਰਹੇ ਹੋਣ। ਇਸ ਯਾਦਗਾਰ ਦੇ 15 ਅਗਸਤ, 2021 ਤੱਕ ਤਿਆਰ ਹੋਣ ਅਤੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੀ ਉਮੀਦ ਹੈ। ਨੌਜਵਾਨ ਨੂੰ ਇਸ ਦੁਖਦਾਈ ਘਟਨਾ ਨਾਲ ਜੋੜਨ ਦੇ ਉਦੇਸ਼ ਨਾਲ ਵਿਸਾਖੀ ਦੇ ਨੇੜੇ ਜੀ.ਐਨ.ਡੀ.ਯੂ. ਵਲੋਂ ਸਾਹਿਤਕ ਸਮਾਗਮ ਆਯੋਜਤ ਕੀਤਾ ਜਾਵੇਗਾ।

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰਯਾਦਗਾਰੀ ਪ੍ਰਾਜੈਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜਾਣੂੰ ਕਰਵਾਇਆ। ਇਹ ਨਿਵੇਕਲੀ ਯਾਦਗਾਰ ਅਸਮਾਨ ਛੂੰਹਦੇ ਸੰਗਮਰਮਰ ਦੇ ਪੰਜ ਖੰਭਾਂ ਵਜੋਂ ਚਿਤਵੀ ਅਤੇ ਉਲੀਕੀ ਗਈ ਹੈ। ਇਹ ਖੰਭ ਵੱਖੋ-ਵੱਖ ਉਮਰ ਵਰਗਾਂ ਦੇ ਸ਼ਹੀਦਾਂ; ਜਿਵੇਂ ਬੱਚਿਆਂ, ਨੌਜਵਾਨਾਂ, ਅੱਧਖੜ ਉਮਰ ਦੇ ਵਿਅਕਤੀਆਂ ਅਤੇ ਬਜ਼ੁਰਗਾਂ ਦੀ ਅਜੇਤੂ ਭਾਵਨਾ ਦੇ ਪ੍ਰਤੀਕ ਹਨ। ਇਹ ਖੰਭ ਹੱਥ ਦੀਆਂ ਪੰਜੇ ਉਂਗਲਾਂ ਦੇ ਵੀ ਸੂਚਕ ਹਨ ਅਤੇ ਇਨ੍ਹਾਂ ਸ਼ਹੀਦਾਂ ਦੀ ਇਕਮੁੱਠ ਤਾਕਤ ਦੀ ਤਰਜਮਾਨੀ ਕਰਦੇ ਹਨ। ਚਿੱਟਾ ਰੰਗ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੀ ਪਾਕੀਜ਼ਗੀ ਨੂੰ ਦਰਸਾਉਂਦਾ ਹੈ। ਇਹ ਖੰਭ ਇਕ ਗੋਲਾਕਾਰ ਮੰਚ ਤੋਂ ਉਪਰ ਉਠੇ ਹੋਏ ਹਨ ਅਤੇ ਇਨ੍ਹਾਂ ਦੇ ਦਰਮਿਆਨ ਖਾਲੀ ਜਗ੍ਹਾ ਹੈ, ਜੋ ਉਨ੍ਹਾਂ ਦੀ ਸ਼ਹਾਦਤ ਨਾਲ ਪੈਦਾ ਹੋਏ ਖਲਾਅ ਦੀ ਪ੍ਰਤੀਕ ਹੈ। ਇਸ ਯਾਦਗਾਰ ਦੇ ਹਰਿਆਵਲ ਚੌਗਿਰਦੇ ਦੇ ਦੁਆਲੇ ਇਕ ਅੰਡਾਕਾਰ ਰਸਤਾ ਬਣਾਇਆ ਗਿਆ ਹੈ ਅਤੇ ਇਸ ਸਥਾਨ ਦੇ ਹਰਿਆਵਲ ਭਰਪੂਰ ਸੁੰਦਰੀਕਰਨ ਨੂੰ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਗਈ ਹੈ ਤਾਂ ਜੋ ਇਹ ਪ੍ਰਸਤਾਵਿਤ ਯਾਦਗਾਰ ਦੇ ਢਾਂਚੇ ਨੂੰ ਪ੍ਰਭਾਵਿਤ ਨਾ ਕਰੇ। ਸਮੁੱਚੀ ਯਾਦਗਾਰ ਸ਼ਾਨਦਾਰ ਹਰਿਆਲੀ ਭਰਪੂਰ ਪਾਰਕ ਦੀ ਵਿਲੱਖਣਤਾ ਨੂੰ ਸੁਹਜਾਤਮਕ ਢੰਗ ਨਾਲ ਦਰਸਾਉਂਦੀ ਹੈ, ਜੋ ਇਸ ਅਨੂਠੀ ਯਾਦਗਾਰ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ। ਇਨ੍ਹਾਂ ਸ਼ਹੀਦਾਂ ਦੇ ਪਿੰਡਾਂ ਤੋਂ ਲਿਆਂਦੀ ਜਾਣ ਵਾਲੀ ਮਿੱਟੀ ਇਸ ਪਵਿੱਤਰ ਮੰਚ ਦੇ ਹੇਠਾਂ ਪਾਈ ਜਾਵੇਗੀ, ਜੋ ਇਨ੍ਹਾਂ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਏਸੇ ਮਿੱਟੀ ਉਤੇ ਸਥਾਪਤ ਹੋਏ ਖੰਭ ਅਸਮਾਨ ਨੂੰ ਛੂਹਣਗੇ। ਇਸ ਮੰਚ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਕੰਧਾਂ 'ਤੇ ਲੱਗੇ ਪੱਥਰਾਂ ਉਪਰ ਸ਼ਹੀਦਾਂ ਦੇ ਨਾਮ ਉਕਰੇ ਹੋਣਗੇ। ਇਕ ਛੋਟਾ ਜਿਹਾ ਹੋਰ ਮੰਚ ਵੀ ਇਨ੍ਹਾਂ ਖੰਭਾਂ ਦੇ ਸਾਹਮਣੇ ਸਥਾਪਤ ਕੀਤੇ ਜਾਣ ਦੀ ਯੋਜਨਾ ਹੈ, ਜਿੱਥੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਵਜੋਂ ਫੁੱਲਮਾਲਾਵਾਂ ਭੇਟ ਕੀਤੀਆਂ ਜਾ ਸਕਣਗੀਆਂ।

Have something to say? Post your comment

google.com, pub-6021921192250288, DIRECT, f08c47fec0942fa0

Punjab

Samana Tragedy Becomes Test Case for Punjab Govt as Protests Erupt Over Inaction in Death of Six Schoolchildren

Powercom engineers welcome the setting up of three supercritical units

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿਸ਼ਵ ਵਾਤਾਵਰਣ ਦਿਵਸ 2025 ਮਨਾਇਆ

ਪੰਜਾਬ ਆਪਣੀ ਲੁੱਟ ਹੋਣ ਦੇ ਬਦਲੇ ਕਿਸੇ ਤਰ੍ਹਾਂ ਦੀ ਅਦਾਇਗੀ ਨਹੀਂ ਕਰੇਗਾ-ਭਾਖੜਾ ਡੈਮ ’ਤੇ ਸੀ.ਆਈ.ਐਸ.ਐਫ. ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ ਮੁੱਖ ਮੰਤਰੀ

ਰਵਨੀਤ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੀ ਆਈ ਐਸ ਐਫ ਬਾਰੇ ਸਟੈਂਡ ਨੂੰ 'ਗੈਰ-ਜ਼ਿੰਮੇਵਾਰਾਨਾ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ' ਦੱਸਿਆ

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਅਕਾਲ ਤਖ਼ਤ ਨੇ ਉਨ੍ਹਾਂ ਤੋਂ ਪ੍ਰਚਾਰ 'ਤੇ ਲੱਗੀ ਪਾਬੰਦੀ ਹਟਾ ਦਿੱਤੀ

ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਤਰੱਕੀਆਂ ਕਰੇ ਸਿੱਖਿਆ ਵਿਭਾਗ: ਡੀ ਟੀ ਐੱਫ ਪੰਜਾਬ 

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਖੁਦਕੁਸ਼ੀਆਂ ਨੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਪਾਇਆ ਪਰਛਾਵਾਂ

ਭਾਰਤੀ ਫੌਜ ਦੇ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ 'ਤੇ ਐਂਟੀ-ਡਰੋਨ ਬੰਦੂਕਾਂ ਤਾਇਨਾਤ ਕਰਨ ਦੇ ਦਾਅਵੇ 'ਤੇ ਵਿਵਾਦ ਛਿੜ ਗਿਆ, ਸ਼੍ਰੋਮਣੀ ਕਮੇਟੀ ਨੇ ਫੌਜ ਦੇ ਦਾਅਵੇ ਦਾ ਖੰਡਨ ਕੀਤਾ

ਪੰਜਾਬ ਦੇ ਮੁੱਖ ਅਹੁਦਿਆਂ 'ਤੇ 'ਆਪ' ਦੇ ਦਿੱਲੀ ਆਗੂਆਂ ਦੀ ਨਿਯੁਕਤੀ ਨੇ ਸਿਆਸੀ ਅੱਗ ਭੜਕਾ ਦਿੱਤੀ