Tuesday, July 28, 2026

Punjab

ਇੱਕ ਮਹੀਨਾ ਬੀਤਣ ਮਗਰੋਂ ਵੀ ਬੇਅਦਬੀ ਕਾਨੂੰਨ ’ਤੇ ਸਰਕਾਰ ਦੀ ਚੁੱਪੀ ਹਾਕਮਾਂ ਦੀ ਹਉਮੈ ਦਾ ਪ੍ਰਤੀਕ - ਜਥੇਦਾਰ ਗੜਗੱਜ

ਪੰਜਾਬ ਨਿਊਜ਼ ਐਕਸਪ੍ਰੈੱਸ | July 28, 2026 06:15 PM

- ਕਿਹਾ; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਨਜ਼ਰਅੰਦਾਜ਼ ਕਰਨਾ ਕੌਮ ਪ੍ਰਵਾਨ ਨਹੀਂ ਕਰੇਗੀ
- ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਸਫ਼ਲ ਨਹੀਂ ਹੋਣਗੀਆਂ- ਐਡਵੋਕੇਟ ਧਾਮੀ
- ਪੰਜਵੇਂ ਦਿਨ ਧਰਮਕੋਟ (ਮੋਗਾ) ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਮੀਰੀ ਪੀਰੀ ਖਾਲਸਾ ਮਾਰਚ

ਅੰਮ੍ਰਿਤਸਰ, 28 ਜੁਲਾਈ: ਬੇਅਦਬੀ ਨਾਲ ਸੰਬੰਧਤ ਕਾਨੂੰਨ ਦੀਆਂ ਇਤਰਾਜਯੋਗ ਮਦਾਂ ਵਿੱਚ ਲੋੜੀਂਦੇ ਬਦਲਾਅ ਕਰਨ ਲਈ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਗਿਆ ਇੱਕ ਮਹੀਨੇ ਦਾ ਸਮਾਂ ਅੱਜ ਪੂਰਾ ਹੋ ਗਿਆ ਹੈ, ਪਰੰਤੂ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਮੁੜ ਕੋਈ ਰਾਬਤਾ ਨਾ ਕਰਨਾ ਹਾਕਮਾਂ ਦੀ ਹਉਮੈ ਅਤੇ ਸਿੱਖ ਭਾਵਨਾਵਾਂ ਪ੍ਰਤੀ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ।

ਇਹ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਗੁਰੂ ਦੀ ਗੋਲਕ ਅਤੇ ਸਿੱਖੀ ਦੇ ਸਿਧਾਂਤ ਸਰਵਉੱਚ ਹਨ। ਇਨ੍ਹਾਂ ਪਵਿੱਤਰ ਸਿਧਾਂਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਨੂੰਨੀ ਵਿਵਸਥਾਵਾਂ ਨੂੰ ਸਿੱਖ ਪੰਥ ਕਦੇ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਕਾਰ ਨੂੰ ਇਤਰਾਜਯੋਗ ਮਦਾਂ ਵਿੱਚ ਸੋਧ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਮਾਮਲੇ ਵਿੱਚ ਸਰਕਾਰ ਦੀ ਚੁੱਪੀ ਚਿੰਤਾਜਨਕ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟ ਕੀਤਾ ਕਿ ਗੁਰੂ ਦੀ ਗੋਲਕ, ਸਿੱਖ ਸੰਸਥਾਵਾਂ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲੇ "ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ" ਵਿਅਕਤੀਆਂ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਹਮੇਸ਼ਾ ਗੁਰੂ ਘਰ ਦੀ ਮਰਯਾਦਾ, ਸਿਧਾਂਤਾਂ ਅਤੇ ਕੌਮੀ ਸੰਸਥਾਵਾਂ ਦੀ ਰੱਖਿਆ ਲਈ ਵਚਨਬੱਧ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਹਰ ਪੱਧਰ ’ਤੇ ਸੰਘਰਸ਼ ਲਈ ਤਿਆਰ ਹੈ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬੇਅਦਬੀ ਕਾਨੂੰਨ ਦੀਆਂ ਇਤਰਾਜਯੋਗ ਮਦਾਂ ਵਿੱਚ ਤੁਰੰਤ ਲੋੜੀਂਦੀਆਂ ਸੋਧਾਂ ਕਰਨ ਲਈ ਆਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਸਥਾਪਿਤ ਕਰਕੇ ਇਸ ਸੰਵੇਦਨਸ਼ੀਲ ਮਾਮਲੇ ਦਾ ਹੱਲ ਕੱਢੇ ਦੀ ਤਾਕੀਦ ਕੀਤੀ।
ਇਸ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਪੰਜਵੇਂ ਦਿਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਡੇਰਾ ਕਾਰ ਸੇਵਾ ਧਰਮਕੋਟ (ਮੋਗਾ) ਤੋਂ ਅਗਲੇ ਪੜਾਅ ਗੁਰਦੁਆਰਾ ਤਖ਼ਤੂਪੁਰਾ ਸਾਹਿਬ (ਮੋਗਾ) ਲਈ ਰਵਾਨਾ ਹੋਣ ਸਮੇਂ ਵੀ ਸੰਗਤ ਨੂੰ ਸੰਬੋਧਨ ਕੀਤਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਬਉੱਚ ਸੰਸਥਾ ਹੈ, ਜੋ ਕਿਸੇ ਸਰਕਾਰ ਜਾਂ ਸਮੇਂ ਦੇ ਪ੍ਰਭਾਵ ਹੇਠ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਬਖ਼ਸ਼ਿਸ਼ ਸਦਕਾ ਸਿੱਖਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹਮੇਸ਼ਾਂ ਆਪਣੇ ਧਾਰਮਿਕ ਸਮਾਜਿਕ ਤੇ ਪੰਥਕ ਫੈਸਲੇ ਕੀਤੇ ਹਨ। ਮੁਗ਼ਲ ਹਕੂਮਤ ਤੋਂ ਲੈ ਕੇ ਅੰਗਰੇਜ਼ ਰਾਜ ਅਤੇ ਅੱਜ ਤੱਕ ਹਕੂਮਤਾਂ ਨੇ ਸਿੱਖ ਸੰਸਥਾਵਾਂ ਅਤੇ ਪ੍ਰੰਪਰਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ, ਪਰ ਪੰਥ ਨੇ ਕਦੇ ਕਾਮਯਾਬ ਨਹੀਂ ਹੋਣ ਦਿੱਤੇ। ਸਿੱਖਾਂ ਨੇ ਗੁਰੂ ਦੀ ਕਿਰਪਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਿੱਖ ਸੰਸਥਾਵਾਂ ਤੇ ਪੰਥਕ ਮਰਯਾਦਾ ਨੂੰ ਹਮੇਸ਼ਾ ਕਾਇਮ ਰੱਖਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅੱਜ ਵੀ ਪੰਥ ਵਿਰੋਧੀ ਕੁਝ ਤਾਕਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਮਾਣ-ਮਰਯਾਦਾ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸਿੱਖਾਂ ਨੂੰ ਗੁਰੂ ਸ਼ਬਦ ਨਾਲੋਂ ਤੋੜਨ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੇ ਯਤਨ ਹੋ ਰਹੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਸਾਂਝੇ ਸੰਦੇਸ਼, ਸਿੱਖੀ ਦੇ ਸਿਧਾਂਤਾਂ, ਪੰਥਕ ਏਕਤਾ ਅਤੇ ਨੌਜੁਆਨ ਪੀੜ੍ਹੀ ਨੂੰ ਗੁਰੂ ਨਾਲ ਜੋੜਨ ਦਾ ਹੈ। ਇਸੇ ਤਹਿਤ ਚਲਦਾ ਵਹੀਰ ਧਰਮ ਪ੍ਰਚਾਰ ਲਹਿਰ ਤਹਿਤ ਹਰ ਹਲਕੇ ਅੰਦਰ ਗੁਰਮਤਿ ਸਮਾਗਮ ਵੀ ਕਰਵਾਏ ਜਾਣਗੇ।
ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਇਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਆਰੰਭਤਾ ਸਮੇਂ ਅਰਦਾਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸ਼ੁਸ਼ੋਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਭਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ।

ਮੀਰੀ ਪੀਰੀ ਖਾਲਸਾ ਮਾਰਚ ਦਾ ਧਰਮਕੋਟ ਸ਼ਹਿਰ, ਜਲਾਲਾਬਾਦ, ਚੀਮਾ, ਕੋਟ ਈਸੇ ਖਾਂ, ਗਗੜ੍ਹਾ, ਜਨੇਰ, ਲੁਹਾਰਾ, ਲੁਹਾਰਾ ਚੌਂਕ, ਲੰਢੇ ਕੇ, ਬੱਸ ਸਟੈਂਡ ਰੋਡ ਮੋਗਾ, ਮੇਨ ਬਜ਼ਾਰ ਚੌਂਕ, ਬਘੀਪੁਰਾ ਚੌਂਕ, ਬੁੱਘੀਪੁਰਾ ਚੌਂਕ, ਡਾਲਾ, ਬੁੱਟਰ ਕਲਾ, ਬੱਧਨੀ ਕਲਾਂ, ਬੌਡੇ, ਲੁਹਾਰਾ, ਬਿਲਾਸਪੁਰ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ। ਖ਼ਾਲਸਾ ਮਾਰਚ ਦਾ ਅੱਜ ਰਾਤ ਦਾ ਪੜਾਅ ਗੁਰਦੁਆਰਾ ਤਖ਼ਤਪੂਰਾ ਸਾਹਿਬ ਮੋਗਾ ਵਿਖੇ ਹੋਵੇਗਾ, ਜਿਥੋਂ ਭਲਕੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਖ਼ਾਲਸਾ ਮਾਰਚ ਨਾਲ ਚੱਲ ਰਹੀ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਸ਼ਸ਼ਤਰਾਂ ਵਾਲੀ ਬੱਸ ਅਤੇ ਵੱਖ-ਵੱਖ ਗੱਡੀਆਂ ’ਤੇ ਲਗਾਏ ਗਏ ਸ਼ਹੀਦ ਸਿੰਘਾਂ ਦੇ ਸਚਿੱਤਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਸ. ਬਰਜਿੰਦਰ ਸਿੰਘ ਮੱਖਣ ਬਰਾੜ, ਸ. ਸੰਜੀਤ ਸਿੰਘ ਸਨੀ ਗਿੱਲ, ਸ. ਰਾਜਵਿੰਦਰ ਸਿੰਘ ਧਰਮਕੋਟ, ਹਲਕਾ ਇੰਚਾਰਜ ਸਨਮੁੱਖ ਭਾਰਤੀ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੈਂਬਰ ਸ. ਗੁਰਚਰਨ ਸਿੰਘ ਗਰੇਵਾਲ, ਸ. ਗੁਰਮੀਤ ਸਿੰਘ ਬੂਹ, ਸ. ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਮੰਗਾ ਸਿੰਘ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਹਰਜਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਨਾਮ ਸਿੰਘ, ਇੰਚਾਰਜ ਸ. ਜਗਦੀਸ਼ ਸਿੰਘ ਬੁੱਟਰ, ਮੈਨੇਜਰ ਸ. ਨਰਿੰਦਰ ਸਿੰਘ, ਸ. ਜਸਬੀਰ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਇੰਚਾਰਜ ਭਾਈ ਭੋਲਾ ਸਿੰਘ, ਸਾਬਕਾ ਚੇਅਰਮੈਨ ਸ. ਸੁਖਵਿੰਦਰ ਸਿੰਘ, ਸ. ਗੁਰਮੀਤ ਸਿੰਘ ਗਗੜਾ, ਸ. ਜਸਬੀਰ ਸਿੰਘ ਸੀਰਾ ਖੋਸਾ, ਸ. ਬਾਲਦੀਪ ਸਿੰਘ ਹੈਰੀ, ਸ. ਸੁਰਜੀਤ ਸਿੰਘ ਰਾਮਗੜ੍ਹ, ਸ. ਰਾਜਵਿੰਦਰ ਸਿੰਘ ਗੋਰਾ, ਸ. ਗੁਰਪ੍ਰੀਤ ਸਿੰਘ ਭੁੱਲਰ, ਸ. ਹਰਮੇਲ ਸਿੰਘ ਰਾਜਪੂਤ, ਸ. ਅਮਨ ਸਿੰਘ ਗਾਬਾ, ਸ. ਸੁਰਜੀਤ ਸਿੰਘ ਲੋਹਾਰਾ, ਸ. ਜਸਵੰਤ ਸਿੰਘ ਜੱਸਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਯੂਥ ਕਾਂਗਰਸ ਨੇ ਸਿੱਖਿਆ ਮੰਤਰੀ ਬੈਂਸ ਦੇ ਘਰ ਦਾ ਕੀਤਾ ਘਿਰਾਓ, ਵਿਰੋਧ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜੇ, ਕੀਤੇ ਅਸਤੀਫ਼ੇ ਦੀ ਮੰਗ

ਮੰਤਰੀ ਗੋਇਲ ਵੱਲੋਂ ਖੰਟ ਮਾਨਪੁਰ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ, 173 ਪਿੰਡਾਂ ਦੇ ਕਿਸਾਨਾਂ ਨੂੰ ਹੋਵੇਗਾ ਲਾਭ

ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਕਾਂਗਰਸ ਦੇ MPs ਵੱਲੋਂ ਬਰਨਾਲਾ 'ਚ ਦਲਿਤ ਸਫਾਈ ਕਰਮਚਾਰੀਆਂ ਖ਼ਿਲਾਫ਼ ਪੁਲਿਸ ਦੀ ਜ਼ਿਆਦਤੀ ਦੀ ਜਾਂਚ ਲਈ NCSC ਨੂੰ ਅਪੀਲ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟਾਂ ਲਈ ਮੁਫ਼ਤ ਸਟੈਨੋਗ੍ਰਾਫ਼ੀ ਸਿਖਲਾਈ ਦਾ ਐਲਾਨ

‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’: ₹1,149 ਕਰੋੜ ਔਰਤਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੇ ਜਮ੍ਹਾਂ ਕੀਤੇ ਗਏ

ਲੁਧਿਆਣਾ ਵਿਖੇ ਬਣਾਈ ਜਾਵੇਗੀ ਫੁੱਲਾਂ ਦੀ ਵਿਸ਼ਵ ਪੱਧਰੀ ਮੰਡੀ: ਹਰਚੰਦ ਬਰਸਟ

BJP ਦਫਤਰ 'ਤੇ ਸੁੱਟੇ ਪੈਟਰੋਲ ਬੰਬ ਦੀ ਵਾਰਦਾਤ 24 ਘੰਟਿਆਂ ਅੰਦਰ ਟਰੇਸ, 2 ਗ੍ਰਿਫਤਾਰ

ਭਗਵੰਤ ਮਾਨ ਸਰਕਾਰ ਨੇ ਠੇਕੇ 'ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸ

ਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ