ਚੰਡੀਗੜ੍ਹ, 30 ਅਪ੍ਰੈਲ: ਨਿਊਜ਼ੀਲੈਂਡ 'ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਸਟੇਟ ਹਾਈਵੇ ਨੰਬਰ-1 'ਤੇ ਡੈਜ਼ਰਟ ਰੋਡ 'ਤੇ ਰੰਗੀਪੋ ਅਤੇ ਵਾਈਓਰੂ ਦੇ ਵਿਚਕਾਰ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਕਾਰ ਦੀ ਟੱਕਰ ਇਕ ਤੇਲ ਦੇ ਟੈਂਕਰ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਮਨਜਿੰਦਰ ਸਿੰਘ (38) ਵਾਸੀ ਪਿੰਡ ਗੁਣਾਚੌਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ), ਵਰਿੰਦਰਪਾਲ ਸਿੰਘ ਅਤੇ ਸੰਦੀਪ ਸਿੰਘ (ਦੋਵੇਂ ਉੱਤਰਾਖੰਡ ਨਿਵਾਸੀ) ਵਜੋਂ ਹੋਈ ਹੈ। ਮਨਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਵਲਿੰਗਟਨ ਵਿਖੇ ਇਕ ਮਿੱਤਰ ਨੂੰ ਮਿਲਣ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਟੌਰੰਗਾ ਵਾਪਸ ਆਪਣੇ ਘਰ ਜਾ ਰਹੇ ਸਨ, ਜਦੋਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਵਰਿੰਦਰਪਾਲ ਅਤੇ ਸੰਦੀਪ ਸਿੰਘ ਆਪਸ ਵਿਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।