- *‘ਮੇਰਾ ਘਰ, ਮੇਰੇ ਨਾਂ’ ਸਕੀਮ ਤਹਿਤ ਬਾਕੀ ਰਹਿੰਦੇ ਕਾਰਡ ਵੀ ਜਲਦੀ ਸੌਂਪੇ ਜਾਣਗੇ
- *ਲੋਕਾਂ ਦੇ ਘਰਾਂ ਨਾਲ ਜੁੜੀਆਂ ਉਮੀਦਾਂ ਅਤੇ ਹੱਕਾਂ ਨੂੰ ਮਜ਼ਬੂਤੀ ਦੇ ਰਹੀ ਹੈ ਮਾਨ ਸਰਕਾਰ: ਕੈਬਨਿਟ ਮੰਤਰੀ
ਲਹਿਰਾਗਾਗਾ, 7 ਅਕਤੂਬਰ: ਜਿਨ੍ਹਾਂ ਘਰਾਂ ਵਿੱਚ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਵਸਦੀਆਂ ਆਈਆਂ ਹਨ, ਉਨ੍ਹਾਂ ਘਰਾਂ ਦੀ ਮਾਲਕੀ ਦੀ ਦਸਤਾਵੇਜ਼ੀ ਪਛਾਣ ਮਿਲਣਾ ਪਰਿਵਾਰਾਂ ਲਈ ਭਰੋਸੇ ਅਤੇ ਤਸੱਲੀ ਦਾ ਅਹਿਮ ਪਲ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਭੁਟਾਲ ਕਲਾਂ ਵਿਖੇ ‘ਮੇਰਾ ਘਰ, ਮੇਰੇ ਨਾਂ’ ਸਕੀਮ ਤਹਿਤ 367 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਨਾਲ ਜੁੜੇ ਹੱਕਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਗੋਇਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਿੰਡ ਭੁਟਾਲ ਕਲਾਂ ਦੇ ਕੁੱਲ 541 ਪ੍ਰਾਪਰਟੀ ਕਾਰਡ ਹਨ, ਜਿਨ੍ਹਾਂ ਵਿੱਚੋਂ ਅੱਜ 367 ਪਰਿਵਾਰਾਂ ਨੂੰ ਕਾਰਡ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 174 ਪ੍ਰਾਪਰਟੀ ਕਾਰਡ ਹਲਕੇ ਦੇ ਬਾਕੀ ਪਿੰਡਾਂ ਦੇ ਕਾਰਡ ਵੀ ਜਲਦੀ ਲਾਭਪਾਤਰੀਆਂ ਨੂੰ ਸੌਂਪੇ ਜਾਣਗੇ, ਤਾਂ ਜੋ ਹਰ ਯੋਗ ਪਰਿਵਾਰ ਤੱਕ ਇਸ ਉਪਰਾਲੇ ਦਾ ਲਾਭ ਪਹੁੰਚ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਪਣਾ ਘਰ ਸਿਰਫ਼ ਇੱਟਾਂ ਅਤੇ ਕੰਧਾਂ ਦੀ ਉਸਾਰੀ ਨਹੀਂ ਹੁੰਦਾ, ਸਗੋਂ ਇਸ ਨਾਲ ਪਰਿਵਾਰ ਦੀ ਮਿਹਨਤ, ਯਾਦਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲਾਲ ਲਕੀਰ ਅੰਦਰ ਆਪਣੇ ਘਰਾਂ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਸਬੰਧੀ ਦਸਤਾਵੇਜ਼ ਮਿਲਣ ਨਾਲ ਉਨ੍ਹਾਂ ਦੇ ਮਨ ਵਿੱਚ ਆਪਣੇ ਘਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ।
ਗੋਇਲ ਨੇ ਕਿਹਾ, “ਜਿਸ ਘਰ ਵਿੱਚ ਕਿਸੇ ਪਰਿਵਾਰ ਦੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਬਿਤਾਈ ਹੋਵੇ ਅਤੇ ਜਿੱਥੇ ਅੱਜ ਉਸ ਦੇ ਬੱਚੇ ਆਪਣਾ ਭਵਿੱਖ ਸਵਾਰ ਰਹੇ ਹੋਣ, ਉਸ ਘਰ ਦੀ ਮਾਲਕੀ ਦਾ ਦਸਤਾਵੇਜ਼ ਮਿਲਣਾ ਬਹੁਤ ਮਹੱਤਵ ਰੱਖਦਾ ਹੈ। ਅੱਜ ਭੁਟਾਲ ਕਲਾਂ ਦੇ 367 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪ ਕੇ ਉਨ੍ਹਾਂ ਦੇ ਆਪਣੇ ਘਰ ਨਾਲ ਜੁੜੇ ਭਰੋਸੇ ਅਤੇ ਸਨਮਾਨ ਨੂੰ ਹੋਰ ਮਜ਼ਬੂਤੀ ਦਿੱਤੀ ਗਈ ਹੈ।”
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਈ ਪਰਿਵਾਰ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿੰਦੇ ਆਏ ਹਨ, ਪਰ ਮਾਲਕੀ ਸਬੰਧੀ ਰਸਮੀ ਰਿਕਾਰਡ ਦੀ ਘਾਟ ਉਨ੍ਹਾਂ ਲਈ ਮੁਸ਼ਕਲਾਂ ਦਾ ਕਾਰਨ ਬਣਦੀ ਰਹੀ ਹੈ। ‘ਮੇਰਾ ਘਰ, ਮੇਰੇ ਨਾਂ’ ਸਕੀਮ ਅਜਿਹੇ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦੀ ਦਸਤਾਵੇਜ਼ੀ ਪਛਾਣ ਮੁਹੱਈਆ ਕਰਵਾਉਣ ਦਾ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਘਰ ਅਤੇ ਉਸ ਦੀ ਮਾਲਕੀ ਸਬੰਧੀ ਵੇਰਵੇ ਸਪੱਸ਼ਟ ਹੋਣ ਨਾਲ ਪਰਿਵਾਰਾਂ ਨੂੰ ਆਪਣੇ ਘਰ ਦੀ ਸੰਭਾਲ, ਸੁਧਾਰ ਅਤੇ ਭਵਿੱਖ ਦੀ ਯੋਜਨਾਬੰਦੀ ਲਈ ਵਧੇਰੇ ਭਰੋਸਾ ਮਿਲਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਪਹਿਲਕਦਮੀਆਂ ਦਾ ਅਸਲ ਮਕਸਦ ਲੋਕਾਂ ਦੀ ਜ਼ਿੰਦਗੀ ਵਿੱਚ ਸਹੂਲਤ ਅਤੇ ਤਸੱਲੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਹਲਕਾ ਲਹਿਰਾ ਦੇ ਲੋਕਾਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਯੋਗ ਲਾਭਪਾਤਰੀਆਂ ਤਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਗੋਇਲ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਾਪਰਟੀ ਕਾਰਡ ਸੰਭਾਲ ਕੇ ਰੱਖਣ ਅਤੇ ਇਨ੍ਹਾਂ ਵਿੱਚ ਦਰਜ ਨਾਮ ਤੇ ਜਾਇਦਾਦ ਸਬੰਧੀ ਵੇਰਵਿਆਂ ਦੀ ਜਾਂਚ ਕਰਨ। ਕਿਸੇ ਵੇਰਵੇ ਵਿੱਚ ਗ਼ਲਤੀ ਹੋਣ ਦੀ ਸੂਰਤ ਵਿੱਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਨਿਯਮਾਂ ਅਨੁਸਾਰ ਰਿਕਾਰਡ ਦੀ ਦਰੁਸਤੀ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਹਲਕੇ ਦੇ ਬਾਕੀ ਲਾਭਪਾਤਰੀਆਂ ਨੂੰ ਵੀ ਜਲਦੀ ਪ੍ਰਾਪਰਟੀ ਕਾਰਡ ਸੌਂਪੇ ਜਾਣਗੇ। ਸ਼੍ਰੀ ਗੋਇਲ ਨੇ ਕਿਹਾ, “ਸਾਡਾ ਉਦੇਸ਼ ਹੈ ਕਿ ਹਰ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਸਬੰਧੀ ਸਪੱਸ਼ਟ ਰਿਕਾਰਡ ਮਿਲੇ ਅਤੇ ਉਹ ਆਪਣੇ ਪਰਿਵਾਰ ਦੇ ਭਵਿੱਖ ਦੀ ਯੋਜਨਾ ਹੋਰ ਭਰੋਸੇ ਨਾਲ ਬਣਾ ਸਕੇ।”
ਇਸ ਮੌਕੇ ਐਸ.ਡੀ.ਐਮ. ਲਹਿਰਾ ਰਾਕੇਸ਼ ਪ੍ਰਕਾਸ਼, ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੋਂ ਇਲਾਵਾ ਪਿੰਡ ਭੁਟਾਲ ਕਲਾਂ ਦੇ ਸਰਪੰਚ ਸਮੂਹ ਗ੍ਰਾਮ ਪੰਚਾਇਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।