ਚੰਡੀਗੜ੍ਹ, 28 ਅਕਤੂਬਰ: ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਪੰਜਾਬ ਵਿੱਚ ਦਿਨ ਭਰ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ, ਜਦਕਿ ਸ਼ਾਮ ਨੂੰ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ ’ਤੇ ਬੱਦਲ ਛਾ ਸਕਦੇ ਹਨ। 29 ਅਕਤੂਬਰ ਤੋਂ ਅਗਲੇ ਤਿੰਨ ਦਿਨਾਂ ਦੌਰਾਨ ਕੁਝ ਥਾਵਾਂ ’ਤੇ ਗਰਜ-ਚਮਕ ਨਾਲ ਬਿਜਲੀ ਡਿੱਗਣ, ਤੇਜ਼ ਹਵਾਵਾਂ ਚੱਲਣ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਸ ਤਬਦੀਲੀ ਕਾਰਨ ਸਵੇਰ ਅਤੇ ਸ਼ਾਮ ਵੇਲੇ ਹਲਕੀ ਠੰਢ ਮਹਿਸੂਸ ਹੋ ਸਕਦੀ ਹੈ। ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਬਠਿੰਡਾ ’ਚ ਸਭ ਤੋਂ ਵੱਧ 32.7 ਡਿਗਰੀ ਤਾਪਮਾਨ
ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ, ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ 32.7 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ। ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤ ‘ਅਰਨਬ’ ਦਾ ਵੀ ਮੌਸਮ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਉੱਤਰੀ ਹਰਿਆਣਾ ਉੱਪਰ ਚੱਕਰਵਾਤੀ ਹਵਾਵਾਂ ਦਾ ਘੇਰਾ ਸਰਗਰਮ
ਮੌਸਮ ਵਿਭਾਗ ਅਨੁਸਾਰ, ਉੱਤਰੀ ਹਰਿਆਣਾ ਦੇ ਉੱਪਰ ਸਮੁੰਦਰ ਤਲ ਤੋਂ 3.1 ਤੋਂ 4.5 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, 27 ਅਕਤੂਬਰ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਿਸਟਮ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲਵਾਈ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
29 ਅਕਤੂਬਰ ਤੋਂ ਤੇਜ਼ ਹਵਾਵਾਂ ਤੇ ਗੜੇਮਾਰੀ ਦਾ ਖ਼ਦਸ਼ਾ
29 ਅਕਤੂਬਰ ਤੋਂ ਕੁਝ ਥਾਵਾਂ ’ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਬਿਜਲੀ ਡਿੱਗਣ ਅਤੇ ਕੁਝ ਇਲਾਕਿਆਂ ਵਿੱਚ ਗੜੇ ਪੈਣ ਦੀ ਵੀ ਸੰਭਾਵਨਾ ਹੈ। ਖ਼ਰਾਬ ਮੌਸਮ ਦੌਰਾਨ ਲੋਕਾਂ ਨੂੰ ਖੁੱਲ੍ਹੀਆਂ ਥਾਵਾਂ ’ਤੇ ਜਾਣ ਤੋਂ ਬਚਣ ਅਤੇ ਬਿਜਲੀ ਚਮਕਣ ਵੇਲੇ ਕਿਸੇ ਸੁਰੱਖਿਅਤ ਇਮਾਰਤ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।