ਮਿਲਪੀਟਸ (ਕੈਲੀਫੋਰਨੀਆ): ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (Nਨਾਪਾ) ਦੇ ਐਗਜ਼ਿਕਿਊਟਿਵ ਡਾਇਰੈਕਟਰ ਸ. ਸਤਨਾਮ ਸਿੰਘ ਚਾਹਲ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਪੰਜਾਬ ਸਰਕਾਰ ਨੂੰ ਸਿੱਧਾ ਅਪੀਲ ਕੀਤੀ ਹੈ ਕਿ ਉਹ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ) 2020 ਨੂੰ ਪੰਜਾਬ ਵਿਧਾਨ ਸਭਾ ਵਿੱਚ ਰੱਦ ਕਰਕੇ ਆਪਣੀ ਪੰਜਾਬ ਸਟੇਟ ਸਿੱਖਿਆ ਨੀਤੀ ਤੁਰੰਤ ਲਾਗੂ ਕਰੇ।
ਸ: ਚਾਹਲ ਨੇ ਕਿਹਾ ਕਿ N (ਐਨ.ਈ.ਪੀ) 2020 ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਖੇਤਰੀ ਸਿੱਖਿਆਕ ਢਾਂਚੇ ਲਈ ਖਤਰਾ ਹੈ। ਇਹ ਨੀਤੀ ਬਿਨਾਂ ਸੂਬਿਆਂ ਨਾਲ ਪੂਰੀ ਸਲਾਹ-ਮਸ਼ਵਰੇ ਤੋਂ ਕੇਂਦਰ ਵੱਲੋਂ ਥੋਪੀ ਗਈ ਹੈ। ਚਾਹਲ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਪੰਜਾਬੀ ਜ਼ਮੀਨ, ਪੰਜਾਬੀ ਸਭਿਆਚਾਰ ਅਤੇ ਸਾਡੇ ਸਮਾਜਿਕ-ਆਰਥਿਕ ਹਾਲਾਤਾਂ ਅਨੁਸਾਰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਨੂੰ ਕੇਂਦਰ ਦੇ ਹੱਥਾਂ ’ਚ ਨਹੀਂ, ਸੂਬਿਆਂ ਦੇ ਹੱਥਾਂ ’ਚ ਹੋਣਾ ਚਾਹੀਦਾ ਹੈ।
ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਹਿੱਤਾਂ ਦੀ ਰੱਖਿਆ ਲਈ ਪੰਜਾਬ ਡੈਮ ਸੇਫਟੀ ਐਕਟ ਤੁਰੰਤ ਪਾਸ ਕਰੇ, ਤਾਂ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਡੈਮ ਸੇਫਟੀ ਐਕਟ ਸੂਬੇ ਦੀ ਜਲ ਸੰਪੱਤੀ ’ਤੇ ਕਬਜ਼ਾ ਨਾ ਕਰ ਸਕੇ। “ਪਾਣੀ ਪੰਜਾਬ ਦਾ ਜੀਵਨ ਹੈ, ਸਾਡੀ ਅਰਥਵਿਵਸਥਾ ਤੇ ਪਛਾਣ ਨਾਲ ਜੁੜਿਆ ਹੈ। ਇਸ ਉੱਤੇ ਕਿਸੇ ਵੀ ਤਰ੍ਹਾਂ ਦਾ ਬਾਹਰੀ ਕੰਟਰੋਲ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ” ਉਹਨਾਂ ਨੇ ਜ਼ੋਰ ਦਿੱਤਾ।
ਸ: ਚਾਹਲ ਨੇ ਪੰਜਾਬ ਯੂਨੀਵਰਸਿਟੀ ਨਾਲ ਜੁੜੀ ਤਾਜ਼ਾ ਘਟਨਾ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਬਣਤਰ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਪੰਜਾਬ ਦੀ ਸਿੱਖਿਆਕ ਖੁਦਮੁਖਤਿਆਰੀ ’ਤੇ ਹਮਲਾ ਸੀ। “ਭਾਵੇਂ ਲੋਕਾਂ ਦੇ ਰੋਸ ਕਾਰਨ ਇਹ ਫੈਸਲਾ ਵਾਪਸ ਲੈ ਲਿਆ ਗਿਆ, ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਿਰਫ਼ ਸ਼ੁਰੂਆਤ ਸੀ। ਪੰਜਾਬ ਯੂਨੀਵਰਸਿਟੀ ਸਾਡੇ ਮਾਣ ਤੇ ਅਸਤਿਤਵ ਦਾ ਪ੍ਰਤੀਕ ਹੈ, ਇਸ ਦੀ ਰੱਖਿਆ ਲਈ ਸਾਰਾ ਪੰਜਾਬ ਇਕੱਠਾ ਹੋਵੇ, ” ਚਾਹਲ ਨੇ ਕਿਹਾ।
NAPA ਨੇ ਐਲਾਨ ਕੀਤਾ ਹੈ ਕਿ ਉਹ #SavePanjabUniversity ਅਭਿਆਨ ਦਾ ਪੂਰਾ ਸਮਰਥਨ ਕਰੇਗਾ ਅਤੇ ਇਸ ਨੂੰ ਕਿਸਾਨ ਆੰਦੋਲਨ ਵਾਂਗ ਲੋਕਾਂ ਦਾ ਅੰਦੋਲਨ ਬਣਾਉਣ ਲਈ ਪ੍ਰੇਰਿਤ ਕਰੇਗਾ। ਚਾਹਲ ਨੇ ਕਿਹਾ, “ਜਿਵੇਂ ਕਿਸਾਨਾਂ ਨੇ ਇਕਜੁੱਟ ਹੋ ਕੇ ਆਪਣਾ ਹੱਕ ਜਤਾਇਆ, ਓਸੇ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਅਤੇ ਪਾਣੀ ਦੇ ਹੱਕ ਲਈ ਇਕੱਠੇ ਹੋਣਾ ਹੋਵੇਗਾ।”
ਸ: ਚਾਹਲ ਨੇ ਅੰਤ ਵਿੱਚ ਚੇਤਾਵਨੀ ਦਿੱਤੀ ਕਿ ਇਹ ਸਮਾਂ ਹੈ ਹਿੰਮਤ ਅਤੇ ਏਕਤਾ ਦਾ। ਪੰਜਾਬ ਨੂੰ ਆਪਣੀ ਸੰਵੈਧਾਨਕ ਖੁਦਮੁਖਤਿਆਰੀ ਦੀ ਰੱਖਿਆ ਲਈ ਮਜ਼ਬੂਤ ਕਾਨੂੰਨੀ ਕਦਮ ਚੁੱਕਣੇ ਹੋਣਗੇ। “ਜੇ ਅਸੀਂ ਅੱਜ ਚੁੱਪ ਰਹੇ, ਤਾਂ ਭਵਿੱਖ ਦੀਆਂ ਪੀੜ੍ਹੀਆਂ ਸਾਡੇ ਮੌਨ ਦੀ ਕੀਮਤ ਚੁਕਾਉਣਗੀਆਂ।