ਬਾਬਾ ਬਕਾਲਾ ਸਾਹਿਬ, 28 ਅਗਸਤ: ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ‘ਸੱਚਾ ਗੁਰ ਲੱਧੋ ਰੇ’ ਪੰਥਕ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦੌਰਾਨ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਸੰਕਟ ਨੂੰ ਲੈ ਕੇ ਗੰਭੀਰ ਚਰਚਾ ਹੋਈ ਅਤੇ ਪਾਰਟੀ ਵੱਲੋਂ ਨਸ਼ਿਆਂ ਦੇ ਫੈਲਾਅ, ਸਪਲਾਈ ਚੇਨ ਅਤੇ ਇਸ ਨਾਲ ਜੁੜੇ ਕਥਿਤ ਸਿਆਸੀ ਤੇ ਪ੍ਰਸ਼ਾਸਨਿਕ ਗਠਜੋੜ ਦੀ ਜਾਂਚ ਲਈ ਵ੍ਹਾਈਟ ਪੇਪਰ ਜਾਰੀ ਕਰਨ ਦਾ ਸੰਕਲਪ ਲਿਆ ਗਿਆ।
ਸੰਮੇਲਨ ਦਾ ਮੁੱਖ ਕੇਂਦਰ ਬਾਪੂ ਤਰਸੇਮ ਸਿੰਘ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪ੍ਰਤਿਗਿਆ ਦਾ ਪਾਠ ਰਿਹਾ। ਪ੍ਰਤਿਗਿਆ ਅਨੁਸਾਰ ਕਿਹਾ ਗਿਆ ਕਿ ਜਦੋਂ ਪੰਜਾਬੀਆਂ ਦੇ ਹੱਥ ਵਿੱਚ ਫ਼ੈਸਲੇ ਲੈਣ ਦੀ ਤਾਕਤ ਆਵੇਗੀ ਤਾਂ ਸਾਲ 1997 ਤੋਂ 2027 ਤੱਕ ਪੰਜਾਬ ਵਿੱਚ ਰਹੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਫੈਲਾਅ ਦੀ ਜਾਂਚ ਕਰਵਾਈ ਜਾਵੇਗੀ। ਇਸ ਪ੍ਰਸਤਾਵਿਤ ਵ੍ਹਾਈਟ ਪੇਪਰ ਵਿੱਚ ਨਸ਼ਿਆਂ ਕਾਰਨ ਹੋਈਆਂ ਮੌਤਾਂ, ਨਸ਼ਾ ਤਸਕਰੀ ਦੀ ਸਪਲਾਈ ਚੇਨ, ਕਥਿਤ ਸਿਆਸੀ ਸਰਪ੍ਰਸਤੀ ਅਤੇ ਪੁਲਿਸ ਤੇ ਸੁਰੱਖਿਆ ਤੰਤਰ ਦੀ ਸੰਭਾਵਿਤ ਮਿਲੀਭੁਗਤ ਵਰਗੇ ਮਾਮਲਿਆਂ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਗਈ।
ਸੰਮੇਲਨ ਵਿੱਚ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਮਨਪ੍ਰੀਤ ਸਿੰਘ ਅਯਾਲੀ, ਬਾਪੂ ਤਰਸੇਮ ਸਿੰਘ, ਮੁੱਖ ਕਮੇਟੀ ਦੇ ਮੈਂਬਰਾਂ ਸਮੇਤ ਕਈ ਹੋਰ ਸੀਨੀਅਰ ਆਗੂ ਹਾਜ਼ਰ ਰਹੇ। ਆਯੋਜਕਾਂ ਮੁਤਾਬਕ, ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਵੀ ਸ਼ਮੂਲੀਅਤ ਕੀਤੀ।