Saturday, May 09, 2026

Punjab

'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਰੋਜ਼ਾਨਾ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਦੇਖਭਾਲ ਲਈ 900 ਤੋਂ ਵੱਧ ਮੁਲਾਜ਼ਮ ਤੈਨਾਤ

ਪੰਜਾਬ ਨਿਊਜ਼ ਐਕਸਪ੍ਰੈੱਸ | May 09, 2026 06:49 PM

*ਹਜ਼ਾਰਾਂ ਲੋਕਾਂ ਦਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਪਨਾ ਹੋਇਆ ਸਾਕਾਰ: ਹਰਦੀਪ ਸਿੰਘ ਮੁੰਡੀਆਂ*

ਚੰਡੀਗੜ੍ਹ, 9 ਮਈ: ਸਵੇਰ ਦੀ ਮੱਠੀ ਧੁੱਪ ਵਿੱਚ 68 ਸਾਲਾ ਬੀਬੀ ਹਰਬੰਸ ਕੌਰ ਆਪਣੇ ਹੱਥਾਂ ਵਿੱਚ ਇੱਕ ਛੋਟਾ ਜਿਹਾ ਬੈਗ ਫੜੀ ਬੱਸ ਵਿੱਚ ਚੁੱਪਚਾਪ ਬੈਠੀ ਸੀ। ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਪਰ ਚਿਹਰੇ 'ਤੇ ਪੂਰਨ ਸ਼ਾਂਤੀ ਤੇ ਚਮਕ ਪਸਰੀ ਹੋਈ ਸੀ, ਜਿਵੇਂ ਸਾਲਾਂ ਦਾ ਕੋਈ ਅਧੂਰਾ ਸੁਪਨਾ ਆਖ਼ਰਕਾਰ ਪੂਰਾ ਹੋਣ ਲੱਗਾ ਹੋਵੇ। ਉਸ ਨੇ ਇੱਕ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, "ਮੈਨੂੰ ਤਾਂ ਹਮੇਸ਼ਾ ਇਹੀ ਲੱਗਦਾ ਸੀ ਕਿ ਇਹ ਦਿਨ ਮੇਰੀ ਕਿਸਮਤ ਵਿੱਚ ਨਹੀਂ ਲਿਖਿਆ ਗਿਆ।"

ਇਹ ਕਹਾਣੀ ਸਿਰਫ਼ ਬੀਬੀ ਹਰਬੰਸ ਕੌਰ ਦੀ ਨਹੀਂ, ਸਗੋਂ ਇਹ ਪੂਰੇ ਪੰਜਾਬ ਦੇ ਹਜ਼ਾਰਾਂ ਬਜ਼ੁਰਗਾਂ ਦੀਆਂ ਇਕ ਮੁੱਦਤ ਤੋਂ ਦੱਬੀਆਂ ਇੱਛਾਵਾਂ ਨੂੰ ਪ੍ਰਗਟ ਕਰਦੀ ਗਾਥਾ ਹੈ। ਅੱਜ, 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਰਾਹੀਂ ਅਜਿਹੇ ਬਜ਼ੁਰਗਾਂ ਦੀਆਂ ਲੰਬੇ ਸਮੇਂ ਤੋਂ ਦਿਲ ਵਿੱਚ ਹੀ ਛੁਪਾਈਆਂ ਸੱਧਰਾਂ ਪੂਰੀਆਂ ਹੋ ਰਹੀਆਂ ਹਨ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ, ਪੰਜਾਬ ਸਰਕਾਰ ਦੀ ਬਜ਼ੁਰਗਾਂ ਲਈ ਇੱਕ ਸਨਮਾਨਜਨਕ, ਆਰਾਮਦਾਇਕ ਅਤੇ ਰੂਹਾਨੀ ਅਨੰਦ ਦੇਣ ਵਾਲੀ ਤੀਰਥ ਯਾਤਰਾ ਕਰਾ ਕੇ ਲਿਆਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੂਰੀ ਸੋਚ ਵਿਚਾਰ ਨਾਲ ਕੀਤੀ ਗਈ ਸੁਚੱਜੀ ਵਿਉਂਤਬੰਦੀ ਦੇ ਨਾਲ-ਨਾਲ ਵੱਡੇ ਪੱਧਰ ‘ਤੇ ਮਾਲੀ ਤੇ ਮਾਨਵੀ ਸ੍ਰੋਤਾਂ ਦੀ ਵਰਤੋਂ ਸਦਕਾ ਇਹ ਸਕੀਮ ਜਨਤਕ ਸੇਵਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ।

ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1100 ਤੋਂ ਵੱਧ ਬਜ਼ੁਰਗ ਸ਼ਰਧਾਲੂ ਰੋਜ਼ਾਨਾ ਇਸ ਸਕੀਮ ਤਹਿਤ ਤੀਰਥਾਂ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੇ ਆਰਾਮ, ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ 900 ਤੋਂ ਵੱਧ ਸਟਾਫ਼ ਮੈਂਬਰ ਤੈਨਾਤ ਕੀਤੇ ਗਏ ਹਨ, ਜੋ ਹਰ ਪੜਾਅ 'ਤੇ ਸ਼ਰਧਾਲੂਆਂ ਦਾ ਲਗਾਤਾਰ ਪੂਰਾ ਖ਼ਿਆਲ ਰੱਖਦੇ ਹਨ ਅਤੇ ਹਰ ਲੋੜੀਂਦੀ ਸਹਾਇਤਾ ਦਿੰਦੇ ਹਨ।

ਪੰਜਾਬ, ਜਿਸ ਦੀ ਧਰਤ ਦੇ ਕਣ-ਕਣ ਵਿਚ ਅਮੀਰ ਰੂਹਾਨੀ ਵਿਰਾਸਤ ਰਮੀ ਹੋਈ ਹੈ, ਦੇ ਹਰ ਪਰਿਵਾਰ ਵਿੱਚ ਆਸਥਾ ਤੇ ਸ਼ਰਧਾ ਦੀ ਮਜ਼ਬੂਤ ਭਾਵਨਾ ਹੁੰਦੀ ਹੈ। ਕਈ ਬਜ਼ੁਰਗਾਂ ਲਈ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਕਦੇ ਇੱਕ ਨਾ ਪੂਰਾ ਹੋਣ ਵਾਲਾ ਸੁਪਨਾ ਸੀ, ਜੋ ਅਕਸਰ ਆਰਥਿਕ ਤੰਗੀ ਜਾਂ ਢਿੱਲੀ ਸਿਹਤ ਕਾਰਨ ਅਧੂਰਾ ਹੀ ਰਹਿ ਜਾਂਦਾ ਸੀ। ਇਸ ਸਕੀਮ ਨੇ ਉਸ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ।

ਇਸ ਸਕੀਮ ਤਹਿਤ ਸ਼ਰਧਾਲੂਆਂ ਨੂੰ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਂਦੀ ਹੈ। ਯਾਤਰਾ ਦੇ ਪ੍ਰੋਗਰਾਮ ਵਿੱਚ ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਦਰਸ਼ਨਾਂ ਦੇ ਨਾਲ-ਨਾਲ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਵਰਗੇ ਮਹੱਤਵਪੂਰਨ ਵਿਰਾਸਤੀ ਸਥਾਨ ਵੀ ਵਿਖਾਏ ਜਾਂਦੇ ਹਨ, ਜੋ ਰੂਹਾਨੀ ਅਤੇ ਇਤਿਹਾਸਕ ਚੇਤਨਾ ਦਾ ਇੱਕ ਅਨੂਠਾ ਸੁਮੇਲ ਬਣ ਕੇ ਹਰ ਸ਼ਰਧਾਲੂ ਦੇ ਹਿਰਦੇ ਵਿੱਚ ਉਤਰ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਤਿੰਨ ਦਿਨਾਂ ਅਤੇ ਦੋ ਰਾਤਾਂ ਦੀ ਯਾਤਰਾ ਇਸ ਤਰਾਂ ਵਿਉਂਤੀ ਗਈ ਹੈ ਕਿ ਹਰ ਸ਼ਰਧਾਲੂ ਨੂੰ ਹਰ ਸੁੱਖ-ਸਹੂਲਤ ਅਤੇ ਪੂਰਾ ਆਰਾਮ ਮਿਲ ਸਕੇ। ਸਰਕਾਰ ਵੱਲੋਂ ਏਅਰ-ਕੰਡੀਸ਼ਨਡ ਬੱਸਾਂ ਅਤੇ ਰੇਲਗੱਡੀਆਂ, ਰਹਿਣ ਦਾ ਅਗਾਊਂ ਪ੍ਰਬੰਧ, ਸਵੱਛ ਭੋਜਨ ਅਤੇ ਚਾਦਰਾਂ, ਕੰਬਲ ਵਰਗੀਆਂ ਨਿੱਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਅਤੇ ਲੋੜ ਪੈਣ ਉਤੇ ਡਾਕਟਰੀ ਸਹੂਲਤਾਂ ਸਮੇਤ ਸਭ ਕੁਝ ਮੁਫ਼ਤ ਦਿੱਤਾ ਜਾਂਦਾ ਜਾਂਦਾ ਹੈ। ਯਾਤਰਾ ਦਾ ਹਰ ਪੱਖ ਬਜ਼ੁਰਗ ਯਾਤਰੀਆਂ ਦੀ ਲੋੜ, ਸਹੂਲਤ ਅਤੇ ਮਾਣ-ਸਨਮਾਨ ਨੂੰ ਮੁੱਖ ਰੱਖ ਕੇ ਵਿਉਂਤਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਥੋੜ੍ਹੇ ਜਿਹੇ ਅਰਸੇ ਦੌਰਾਨ ਹੀ ਇਸ ਪਹਿਲਕਦਮੀ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ। ਲਗਭਗ 100 ਬੱਸਾਂ ਦਾ ਕਾਫ਼ਲਾ ਰੋਜ਼ਾਨਾ ਲਗਭਗ 1100 ਸ਼ਰਧਾਲੂਆਂ ਨੂੰ ਤੀਰਥ ਯਾਤਰਾ ‘ਤੇ ਲੈ ਕੇ ਜਾਂਦਾ ਹੈ ਅਤੇ ਹੁਣ ਤੱਕ ਕਰੀਬ 1, 10, 000 ਬਜ਼ੁਰਗ ਇਸ ਸਕੀਮ ਦਾ ਲਾਹਾ ਲੈ ਚੁੱਕੇ ਹਨ। ਬਹੁਤੇ ਬਜ਼ੁਰਗਾਂ ਲਈ, ਇਹ ਪਹਿਲਕਦਮੀ ਮਹਿਜ਼ ਸਫ਼ਰ ਹੀ ਨਹੀਂ ਰਹੀ, ਸਗੋਂ ਇਹ ਉਮਰ ਭਰ ਅਧੂਰੀ ਰਹਿ ਗਈ ਇੱਛਾ ਦੀ ਪੂਰਤੀ ਦਾ ਸਾਧਨ ਬਣ ਗਈ ਹੈ। ਜੋ ਕਦੇ ਬਹੁਤ ਦੂਰ ਲੱਗਦਾ ਸੀ, ਉਹ ਹੁਣ ਪਹੁੰਚ ਵਿੱਚ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਹਜ਼ਾਰਾਂ ਬਜ਼ੁਰਗ ਪੂਰੇ ਸਨਮਾਨ ਅਤੇ ਆਰਾਮ ਨਾਲ ਉਨ੍ਹਾਂ ਰੂਹਾਨੀ ਪਲਾਂ ਦਾ ਅਨੰਦ ਮਾਣ ਰਹੇ ਹਨ, ਜਿਨ੍ਹਾਂ ਦੀ ਉਨ੍ਹਾਂ ਨੇ ਲੰਬੇ ਸਮੇਂ ਤੋਂ ਉਡੀਕ ਕੀਤੀ ਸੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਭਰ ਵਿੱਚ ਲਗਾਈ ਗਈ ਰਾਸ਼ਟਰੀ ਲੋਕ ਅਦਾਲਤ

ਮੋਹਾਲੀ 'ਚ ਥਾਣੇ ਦੇ ਬਾਹਰ ਖੁਦ ਨੂੰ ਅੱਗ ਲਗਾਉਣ ਵਾਲੀ ਔਰਤ ਦੀ ਇਲਾਜ ਦੌਰਾਨ ਮੌਤ

ਮਾਨ ਸਰਕਾਰ ਦੀ ਇਤਿਹਾਸਕ ਪਹਿਲ, 40 ਲੱਖ ਗਰੀਬ-ਦਲਿਤ-ਪੱਛੜੇ ਵਰਗ ਦੇ ਪਰਿਵਾਰਾਂ ਨੂੰ ਮੁਫਤ ਰਾਸ਼ਨ ਕਿੱਟ ਮਿਲਣੀ ਸ਼ੁਰੂ

ਦਹਾਕਿਆਂ ਪਿੱਛੋਂ ਨਹਿਰੀ ਪਾਣੀ ਟੇਲਾਂ 'ਤੇ ਪੈਂਦੇ ਪਿੰਡਾਂ ਤੱਕ ਪਹੁੰਚਿਆ, ਰੋਪੜ ਨਹਿਰੀ ਨੈੱਟਵਰਕ ਹੇਠ ਸਿੰਚਾਈ ਖੇਤਰ ’ਚ ਲਗਭਗ 200% ਤੱਕ ਦਾ ਵਾਧਾ: ਗੋਇਲ

ਈ.ਡੀ. ਅਤੇ ਭਾਜਪਾ ਦੇ ਅਨੈਤਿਕ ਗੱਠਜੋੜ ਦਾ ਪਤਨ ਪੰਜਾਬ ਤੋਂ ਹੀ ਹੋਵੇਗਾ-ਭਗਵੰਤ ਸਿੰਘ ਮਾਨ

ਈਡੀ ਨੇ ਆਪ ਮੰਤਰੀ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ

ਈਡੀ ਨੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ

ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ

14,000 ਕਿਲੋਮੀਟਰ ਪਾਈਪਲਾਈਨਾਂ ਅਤੇ 21,000 ਕਿਊਸਿਕ ਪਾਣੀ ਨੇ ਟੇਲਾਂ ‘ਤੇ ਵਸਦੇ ਕਿਸਾਨਾਂ ਲਈ ਸਿੰਚਾਈ ਸਹੂਲਤ ਯਕੀਨੀ ਬਣਾਈ: CM ਮਾਨ

ਗੈਂਗਸਟਰਾਂ ’ਤੇ ਵਾਰ ਦਾ 108ਵਾਂ ਦਿਨ: ਪੰਜਾਬ ਪੁਲਿਸ ਨੇ 548 ਥਾਵਾਂ ’ਤੇ ਕੀਤੀ ਛਾਪੇਮਾਰੀ ; 261 ਗ੍ਰਿਫ਼ਤਾਰ