ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜੁਲਾਈ (ਹਰਜਿੰਦਰ ਸਿੰਘ ਭੱਟੀ): ਭਾਸ਼ਾ ਵਿਭਾਗ, ਪੰਜਾਬ ਮਾਂ-ਬੋਲੀ ਪੰਜਾਬੀ ਦੇ ਨਾਲ਼-ਨਾਲ਼ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਸਰਗਰਮ ਰਹਿੰਦਾ ਹੈ। ਇਸੇ ਲੜੀ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵਿਖੇ ਉਰਦੂ ਆਮੋਜ਼ ਕੋਰਸ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਰਸ਼ਨ ਕੌਰ ਖੋਜ ਅਫ਼ਸਰ, ਐੱਸ.ਏ.ਐੱਸ.ਨਗਰ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਅਤੇ ਦਫ਼ਤਰਾਂ ਦਾ ਸਮਾਂ ਘੱਟ ਹੋਣ ਕਾਰਨ ਉਰਦੂ ਸਿੱਖਣ ਦੇ ਬਹੁਤ ਸਾਰੇ ਚਾਹਵਾਨ ਸਮੇਂ ਸਿਰ ਦਾਖਲਾ ਫਾਰਮ ਨਹੀਂ ਭਰ ਸਕੇ। ਇਸ ਦੇ ਮੱਦੇਨਜ਼ਰ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਵਧਾ ਕੇ 15 ਜੁਲਾਈ 2026 ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕੋਰਸ ਦੀ ਦਾਖਲਾ ਅਤੇ ਪ੍ਰੀਖਿਆ ਫੀਸ ਯਕਮੁਸ਼ਤ 500 ਰੁਪਏ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਅਤੇ ਜਮਾਤ ਦਾ ਸਮਾਂ ਰੋਜ਼ਾਨਾ ਇੰਕ ਘੰਟਾ ਹੋਵੇਗਾ। ਕੋਰਸ ਵਿੱਚ ਦਾਖਲੇ ਲਈ ਉਮਰ ਦੀ ਕੋਈ ਪਾਬੰਦੀ ਨਹੀਂ ਹੈ, ਕੋਈ ਵੀ ਆਮ ਨਾਗਰਿਕ ਜਾਂ ਸਰਕਾਰੀ ਅਧਿਕਾਰੀ/ਕਰਮਚਾਰੀ ਇਸ ਦਾ ਲਾਭ ਲੈ ਸਕਦਾ ਹੈ।
ਚਾਹਵਾਨ ਸਿਖਿਆਰਥੀ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਕਮਰਾ ਨੰ. 518-ਏ, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76) ਤੋਂ ਕਿਸੇ ਵੀ ਕੰਮਕਾਜ ਵਾਲ਼ੇ ਦਿਨ ਮੁਫ਼ਤ ਦਾਖਲਾ ਫਾਰਮ ਪ੍ਰਾਪਤ ਕਰਕੇ 15 ਜੁਲਾਈ ਤੱਕ ਜਮ੍ਹਾਂ ਕਰਵਾ ਸਕਦੇ ਹਨ। ਕੋਰਸ ਦੇ ਦਾਖਲੇ ਸਬੰਧੀ ਜਾਣਕਾਰੀ ਲੈਣ ਲਈ ਫੋਨ ਨੰ. 9463387365 ’ਤੇ ਸੰਪਰਕ ਕਰ ਸਕਦੇ ਹੋ।