ਬੀਤੀ 6 ਫਰਵਰੀ 2026 ਨੂੰ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆਇਆ, ਜਦੋਂ ਪੰਜਾਬ ਪੁਲਿਸ ਨੇ ਹੱਕੀ ਮੰਗ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਬਰਬਰ ਲਾਠੀ ਚਾਰਜ ਕੀਤਾ, ਅੱਥਰੂ ਗੈਸ ਦੇ ਗੋਲ਼ੇ ਵਰਾਏ, ਬਜੁਰਗਾਂ ਨੂੰ ਸੜਕਾਂ ’ਤੇ ਘੜੀਸਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦੋ ਕਿਸਾਨ ਆਗੂਆਂ ਦੀ ਰਿਹਾਈ ਲਈ ਭੁੱਚੋ ਵਿਖੇ ਧਰਨਾ ਰੱਖਿਆ ਹੋਇਆ ਸੀ। ਕਿਸਾਨ ਆਗੂ ਸ਼ਗਨਦੀਪ ਸਿੰਘ ਅਤੇ ਬਲਦੇਵ ਸਿੰਘ ਉੱਪਰ ਝੂਠੇ ਪਰਚੇ ਮੜ ਕੇ ਪੰਜਾਬ ਸਰਕਾਰ ਨੇ ਪਿਛਲੇ ਨੌ ਮਹੀਨਿਆਂ ਤੋਂ ਜੇਲ੍ਹੀਂ ਡੱਕਿਆ ਹੋਇਆ ਸੀ। ਸ਼ਗਨਦੀਪ ਸਿੰਘ ਦੇ ਮਾਤਾ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਛੁੱਟੀ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਜਥੇਬੰਦੀ ਵੱਲੋਂ ਕਈ ਦਿਨ ਧਰਨੇ ਮੁਜਾਹਰੇ ਕਰਨ ਤੋਂ ਬਾਅਦ ਸ਼ਗਨਦੀਪ ਸਿੰਘ ਨੂੰ ਕੁਝ ਦਿਨਾਂ ਦੀ ਛੁੱਟੀ ਦਿੱਤੀ ਗਈ।
ਇਹਨਾਂ ਦੋ ਆਗੂਆਂ ਦੀ ਰਿਹਾਈ ਲਈ ਭੁੱਚੋ ਵਿਖੇ ਰੱਖੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਲੋਕਾਂ ਦੇ ਕਾਫਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ। ਕਿਸਾਨਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਜਾਬਰ ਰਵੱਈਆ ਅਪਣਾਉਂਦਿਆਂ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲ਼ੇ ਵਰਾਏ, ਸੈਂਕੜੇ ਕਿਸਾਨ ਆਗੂਆਂ ਨੂੰ ਗਿ੍ਰਫਤਾਰ ਕੀਤਾ ਗਿਆ।
ਪੰਜਾਬ ਸਰਕਾਰ ਦਾ ਜਾਬਰ ਰਵੱਈਆ ਕੋਈ ਅਸੀਂ ਪਹਿਲੀ ਵਾਰ ਨਹੀਂ ਵੇਖਿਆ। ਭਗਵੰਤ ਮਾਨ ਦੇ ਰਾਜਕਾਲ ਦੌਰਾਨ ਜਦੋਂ ਵੀ ਲੋਕਾਂ ਨੇ ਆਪਣੇ ਹੱਕਾਂ ਲਈ ਅਵਾਜ ਬੁਲੰਦ ਕੀਤੀ ਹੈ ਤਾਂ ਹਰ ਵਾਰ “ਆਮ ਘਰਾਂ ਦੇ ਕਾਕੇ” ਨੇ ਆਮ ਲੋਕਾਂ ਦੀ ਸੰਘੀ ਘੁੱਟਣ ਦਾ ਕੰਮ ਕੀਤਾ ਹੈ। ਇਹਦੀਆਂ ਕੁਝ ਉਦਾਹਰਨਾਂ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।
ਮਾਸਟਰ ਦੇ ਮੁੰਡੇ ਦਾ ਮਾਸਟਰਾਂ ਪ੍ਰਤੀ ਰਵੱਈਆ –
ਇਸ਼ਤਿਹਾਰਾਂ ਵਿੱਚ ਤਾਂ ਕੱਚੇ ਮੁਲਾਜਮਾਂ ਨੂੰ ਭਗਵੰਤ ਮਾਨ ਨੇ ਕਦੋਂ ਦਾ ਪੱਕੇ ਕਰ ਦਿੱਤਾ। ਪਰ ਜਦੋਂ 10 ਫਰਵਰੀ 2026 ਨੂੰ ਕੱਚੇ ਅਧਿਆਪਕ ਪੱਕੇ ਅਧਿਆਪਕਾਂ ਵਾਲ਼ੀਆਂ ਸਾਰੀਆਂ ਸਹੂਲਤਾਂ ਦੀ ਮੰਗ ਲਈ ਮੁੱਖ ਮੰਤਰੀ ਦੇ ਘਰ ਵੱਲ ਵਧੇ ਤਾਂ ਅਧਿਆਪਕਾਂ ਦਾ ਸਵਾਗਤ “ਮਾਸਟਰ ਦੇ ਮੁੰਡੇ” ਨੇ ਜਲ ਤੋਪਾਂ ਨਾਲ਼ ਕੀਤਾ , ਪੁਲਿਸ ਵੱਲੋਂ ਖਿੱਚ ਧੂਹ ਕੀਤੀ ਗਈ, ਮੁਲਾਜਮਾਂ ਦੀਆਂ ਪੱਗਾਂ ਤੇ ਚੁੰਨੀਆਂ ਨੂੰ ਸੜਕਾਂ ਤੇ ਮਧੋਲ਼ਿਆ ਗਿਆ, ਉਸੇ ਸਰਕਾਰ ਦੁਆਰਾ ਜਿਹੜੀ ਹੁੱਬ ਕੇ ਕਹਿੰਦੀ ਸੀ ਕਿ ਸਾਡੇ ਰਾਜ ’ਚ ਕਿਸੇ ਦੀਆਂ ਪੱਗਾਂ ਤੇ ਚੁੰਨੀਆਂ ਨਹੀਂ ਲਹਿਣਗੀਆਂ।
ਵਿਦਿਆਰਥੀਆਂ ਪ੍ਰਤੀ ਦੋਗਲੀ ਨੀਤੀ
1 ਨਵੰਬਰ 2025 ਨੂੰ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਭੰਗ ਕਰ ਦਿੱਤਾ। ਯੂਨੀਅਨ ਸਰਕਾਰ ਦੁਆਰਾ ਪੰਜਾਬ ’ਤੇ ਕੀਤੇ ਜਾ ਰਹੇ ਹਮਲਿਆਂ ਤਹਿਤ ਇਹ ਇੱਕ ਹੋਰ ਵੱਡਾ ਹਮਲਾ ਸੀ ਜਿਸ ਦਾ ਵਿਰੋਧ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪੰਜਾਬ ਦੇ ਆਮ ਲੋਕਾਂ ਨੇ ਡੱਟ ਕੇ ਕੀਤਾ ਪਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਪੱਖ ਪੂਰਨ ਦੀ ਬਜਾਏ ਮੋਦੀ ਦੀਆਂ ਪੈੜਾਂ ’ਤੇ ਚੱਲਦਿਆਂ ਦੋਗਲੀ ਨੀਤੀ ਅਪਣਾਈ।
ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵਿਧਾਇਕ ਮੀਤ ਹੇਅਰ ਤੇ ਮਾਲਵਿੰਦਰ ਕੰਗ ਨੇ ਪੰਜਾਬ ਯੂਨੀਵਰਸਿਟੀ ਵਿੱਚ ਜਾ ਕੇ ਪਖੰਡ ਕੀਤਾ ਕਿ ਅਸੀਂ ਪੰਜਾਬ ਦੇ ਸੰਘਰਸ਼ੀਲ ਲੋਕਾਂ ਨਾਲ਼ ਹਾਂ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਬਹਾਲ ਕਰਵਾਉਣ ਲਈ ਯਤਨ ਕਰਾਂਗੇ। ਪਰ ਜਦੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 10 ਨਵੰਬਰ ਨੂੰ ਯੂਨੀਵਰਸਿਟੀ ਵਿਖੇ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਸੀ ਤਾਂ ਇਸ ਸੱਦੇ ਨੂੰ ਅਸਫਲ ਬਣਾਉਣ ਲਈ ਭਗਵੰਤ ਮਾਨ ਦੀ ਬੁੱਚੜ ਸਰਕਾਰ ਨੇ ਪੂਰਾ ਜੋਰ ਲਾਇਆ। ਪੰਜਾਬ ਵੱਲੋਂ ਜਾ ਰਹੇ ਲੋਕਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੰਜਾਬ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਯੂਨੀਵਰਸਿਟੀ ਦੇ ਅਲੱਗ-ਅਲੱਗ ਗੇਟਾਂ ਉੱਪਰ ਪੰਜਾਬ ਪੁਲਿਸ ਤੈਨਾਤ ਸੀ ਤੇ ਪੰਜਾਬ ਪੁਲਿਸ ਨੇ ਯੂਨੀਵਰਸਿਟੀ ਵਿੱਚ ਦਾਖਲ ਹੋ ਰਹੇ ਵਿਦਿਆਰਥੀਆਂ ਉੱਪਰ ਲਾਠੀ ਚਾਰਜ ਕਰਕੇ ਸਾਡੇ ਸਾਹਮਣੇ ਸਪੱਸ਼ਟ ਕਰ ਦਿੱਤਾ ਕਿ ਆਖਰ ਮਾਨ ਸਰਕਾਰ ਕਿੰਨੀ ਕੁ ਪੰਜਾਬ ਦੇ ਲੋਕਾਂ ਦੀ ਹਮਾਇਤੀ ਹੈ।
ਸਰਕਾਰੀ ਟਰਾਂਸਪੋਰਟ ਤੇ ਮੁਲਾਜਮਾਂ ਪ੍ਰਤੀ ਸਰਕਾਰ ਦਾ ਰਵੱਈਆ –
ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ ਦੇ ਕਾਮਿਆਂ ਨੇ ਜਦੋਂ ਪੰਜਾਬ ਦੇ ਸਰਕਾਰੀ ਟਰਾਂਸਪੋਰਟ ਅਦਾਰੇ ਨੂੰ ਬਚਾਉਣ ਲਈ 28 ਨਵੰਬਰ 2025 ਨੂੰ ਹੜਤਾਲ ਦਾ ਸੱਦਾ ਦਿੱਤਾ ਤਾਂ ਪੰਜਾਬ ਪੁਲਿਸ ਨੇ ਸਵੇਰੇ ਹੀ ਮੁਲਾਜਮਾਂ ਨੂੰ ਘਰਾਂ ਤੋਂ ਗਿ੍ਰਫਤਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਡਿੱਪੂਆਂ ਦੇ ਗੇਟਾਂ ’ਤੇ ਇਕੱਠੇ ਹੋ ਰਹੇ ਮੁਲਾਜਮਾਂ ਨੂੰ ਵੱਡੀ ਗਿਣਤੀ ਵਿੱਚ ਗਿ੍ਰਫਤਾਰ ਕੀਤਾ ਗਿਆ ਜਿਹੜੇ ਮੁਲਾਜਮ ਸ਼ਾਂਤਮਈ ਤਰੀਕੇ ਨਾਲ਼ ਹੜਤਾਲ ਨੂੰ ਲਾਗੂ ਕਰ ਰਹੇ ਸਨ। ਉਹਨਾਂ ਮੁਲਾਜਮਾਂ ਨੂੰ ਪੰਜਾਬ ਪੁਲਿਸ ਵੱਲੋਂ ਫੜ ਕੇ ਸੜਕਾਂ ’ਤੇ ਘੜੀਸਿਆ ਗਿਆ, ਬਰਬਰ ਲਾਠੀ ਚਾਰਜ ਕੀਤਾ ਗਿਆ। ਮੁਲਾਜਮਾਂ ਨੂੰ ਡਰਾਉਣ ਧਮਕਾਉਣ ਤਹਿਤ 152 ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਲੱਗਭੱਗ 200 ਦੇ ਕਰੀਬ ਮੁਲਾਜਮਾਂ ਉੱਤੇ ਝੂਠੇ ਪਰਚੇ ਪਾਏ ਗਏ। ਇਹਨਾਂ ਮੁਲਾਜਮਾਂ ਨੇ ਆਪਣੇ ਏਕੇ ਸਦਕਾ ਵੱਡੀ ਗਿਣਤੀ ਆਪਣੇ ਸਾਥੀਆਂ ਨੂੰ ਰਿਹਾ ਕਰਾ ਲਿਆ ਹੈ ਪਰ ਹਲੇ ਵੀ ਸਰਕਾਰ ਨੇ ਕੁਝ ਮੁਲਾਜਮਾਂ ਨੂੰ ਜੇਲ੍ਹੀਂ ਡੱਕਿਆ ਹੋਇਆ ਹੈ।
ਮਜਦੂਰਾਂ ਪ੍ਰਤੀ ਮਾਨ ਸਰਕਾਰ ਦੀ “ਹਮਦਰਦੀ” –
ਮਜਦੂਰ ਜਥੇਬੰਦੀਆਂ ਵੱਲੋਂ ਕਈ ਮੰਗਾਂ ਨੂੰ ਲੈਕੇ 30 ਨਵੰਬਰ 2022 ਨੂੰ ਸੰਗਰੂਰ ਵਿਖੇ ਇੱਕ ਇਕੱਠ ਰੱਖਿਆ ਗਿਆ, ਜਦੋਂ ਇਹ ਇਕੱਠ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਿਆ ਤਾਂ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਨਾਲ਼ ਇਹਨਾਂ ਮਜਦੂਰਾਂ ਦਾ “ਸਵਾਗਤ” ਕੀਤਾ ਗਿਆ।
ਭਗਵੰਤ ਮਾਨ ਸਰਕਾਰ ਨੂੰ ਮਸ਼ਹੂਰੀਆਂ ਤੇ ਇਸ਼ਤਿਹਾਰਾਂ ਵਾਲ਼ੀ ਸਰਕਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸਰਕਾਰ ਨੇ ਜਿੰਨਂੇ ਵੀ ਲੋਕ ਭਲਾਈ ਦੇ ਕੰਮ ਕੀਤੇ ਨੇ ਉਹ ਸਿਰਫ ਇਸ਼ਤਿਹਾਰਾਂ ਵਿੱਚ ਹੀ ਕੀਤਾ। ਜਮੀਨੀ ਪੱਧਰ ’ਤੇ ਤਾਂ ਇਨ੍ਹਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਹਾਲਤ ਹੋਰ ਵੀ ਮਾੜੀ ਹੋਈ ਹੈ। ਪਿਛਲੀਆਂ ਸਰਕਾਰਾਂ ਤੋਂ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ਼ ਜਿਤਾਇਆ, ਲੋਕਾਂ ਨੂੰ ਆਸ ਸੀ ਬਦਲਾਅ ਦੀ ਗੱਲ ਕਰਨ ਵਾਲ਼ੀ ਪਾਰਟੀ ਸ਼ਾਇਦ ਕੁਝ ਸੁਧਾਰ ਕਰ ਦੇਵੇ, ਪਰ ਇਹ ਤਾਂ ਪੁਰਾਣਿਆਂ ਤੋਂ ਵੀ ਚਾਰ ਕਦਮ ਅੱਗੇ ਨਿੱਕਲ਼ੇ। ਇਸ ਪਾਰਟੀ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਦੇ ਮਹਾਨ ਇਨਕਲਾਬੀ ਨਾਇਕ ਭਗਤ ਸਿੰਘ ਦਾ ਨਾਮ ਵੀ ਬੜੀ ਬੇਸ਼ਰਮੀ ਨਾਲ਼ ਵਰਤਿਆ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਾਮ ਹੇਠ ਪੰਜਾਬ ਸਰਕਾਰ ਨੇ ‘ਬੁਲਡੋਜਰ ਮੁਹਿੰਮ’ ਚਲਾਈ ਹੋਈ ਹੈ। ਅਕਸਰ ਸੋਸ਼ਲ ਮੀਡੀਆ ’ਤੇ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਆਮ ਲੋਕਾਂ ਦੇ ਘਰ ਢਾਹੁਣ ਦੀ ਕਾਰਵਾਈ ਚੱਲ ਰਹੀ ਹੈ, ਦਿਹਾੜੀ ਕਰਕੇ ਗੁਜਾਰਾ ਕਰਨ ਵਾਲ਼ੇ ਬਜੁਰਗਾਂ ਦੇ ਕੱਚੇ ਪਿੱਲੇ ਘਰਾਂ ਨੂੰ ਵੀ ਭਗਵੰਤ ਮਾਨ ਸਰਕਾਰ ਬੇਰਹਿਮੀ ਨਾਲ਼ ਢਾਹੁਣ ਵਿੱਚ ਮਸ਼ਰੂਫ ਹੈ ਪਰ ਨਾ ਤਾਂ ਭਗਵੰਤ ਮਾਨ ਨੂੰ ਵੱਡੇ ਨਸ਼ਾ ਕਾਰੋਬਾਰੀਆ ਦਾ ਘਰ ਦਿਸਿਆ ਜੀਹਨੇ ਨਸ਼ਿਆਂ ਦੇ ਕਾਰੋਬਾਰ ’ਚੋਂ ਮਹਿਲ ਉਸਾਰੇ ਨੇ ਅਤੇ ਨਾ ਹੀ ਉਹ ‘ਥਾਰ ਵਾਲ਼ੀ ਬੀਬੀ’ ਦੇ ਘਰ ’ਤੇ ਬੁਲਡੋਜਰ ਚਲਾਉਣ ਦੀ ਹਿੰਮਤ ਪਈ ਜਿਹਦੀ ਕਾਰ ਵਿੱਚੋਂ ਚਿੱਟਾ ਬਰਾਮਦ ਹੋਇਆ ਸੀ ਤੇ ਉਹ ਪੰਜਾਬ ਪੁਲਿਸ ਦੀ ਮੁਲਾਜਮ ਵੀ ਸੀ।
2022 ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦਾ ਵਪਾਰ ਘਟਣ ਦੀ ਬਜਾਏ ਵਧਿਆ ਹੈ ਕਿਉਂਕਿ ਸਰਕਾਰ ਨੇ ਘਟਾਉਣ ਲਈ ਡਰਾਮੇ ਤੋਂ ਬਿਨਾਂ ਕੁਝ ਕੀਤਾ ਹੀ ਨਹੀਂ।
ਅੱਜ ਵੀ ਉਸੇ ਤਰ੍ਹਾਂ ਨੌਜਵਾਨ ਇਸ ਦਲਦਲ ਵਿੱਚ ਗਲਤਾਨ ਹੋ ਕੇ ਆਪਣੀਆਂ ਜਿੰਦਗੀਆਂ ਖਰਾਬ ਕਰ ਰਹੇ ਹਨ।
ਆਮ ਆਦਮੀ ਪਾਰਟੀ ਵੀ ਧਨਾਢ ਲੋਕਾਂ ਦੇ ਹਿੱਤ ਪੂਰਨ ਵਾਲ਼ੀ ਪਾਰਟੀ ਹੈ ਇਸੇ ਲਈ ਇਨ੍ਹਾਂ ਦੇ ਕਾਰਜਕਾਲ ਵਿੱਚ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਤੇ ਵਪਾਰੀਕਰਨ ਦੀ ਮੁਹਿੰਮ ਹੋਰ ਤੇਜ ਹੋਈ ਹੈ।
ਜੁਬਾਨਬੰਦੀ ਦੀ ਨੀਤੀ-
ਪਿਛਲੇ ਸਮੇਂ ਵਿੱਚ ਭਗਵੰਤ ਮਾਨ ਪੰਜਾਬ ਵਿੱਚ ਨਹੀਂ ਸੀ, ਪਰ ਉਸਦੀ ਗੈਰ-ਹਾਜਰੀ ਵਿੱਚ ਵੀ ਉਸਦਾ ਹੈਲੀਕਾਪਟਰ ਵਰਤਿਆ ਜਾ ਰਿਹਾ ਸੀ ਤਾਂ ਕੁੱਝ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਇਹ ਸਵਾਲ ਪੁੱਛਿਆ ਕਿ ਤੁਹਾਡੀ ਗੈਰ-ਹਾਜਰੀ ਵਿੱਚ ਤੁਹਾਡਾ ਹੈਲੀਕਾਪਟਰ ਕੌਣ ਵਰਤ ਰਿਹਾ। ਭਗਵੰਤ ਮਾਨ ਨੇ ਇਹਨਾਂ ਸਵਾਲ ਪੁੱਛਣ ਵਾਲ਼ੇ ਪੱਤਰਕਾਰਾਂ ਉੱਪਰ ਝੂਠੇ ਪਰਚੇ ਮੜ ਦਿੱਤੇ।
ਜਾਹਿਰ ਜੀ ਗੱਲ ਹੈ ਕਿ ਭਗਵੰਤ ਮਾਨ ਦਾ ਹੈਲੀਕਾਪਟਰ ਉਸਨੇ ਆਪਣੀ ਜੱਦੀ ਜਾਇਦਾਦ ਵਿੱਚੋਂ ਤਾਂ ਨਹੀਂ ਲਿਆ। ਇਹ ਹੈਲੀਕਾਪਟਰ ਲੋਕਾਂ ਦੀ ਮਿਹਨਤ ਦੀ ਕਮਾਈ ਵਿੱਚੋਂ ਲਿਆ ਗਿਆ ਤਾਂ ਲੋਕਾਂ ਦੇ ਨੁਮਾਇੰਦਿਆਂ ਨੂੰ ਅਜਿਹੇ ਸਵਾਲ ਪੁੱਛਣ ਦਾ ਹੱਕ ਵੀ ਹੈ। ਪਰ ਇਸ ਵਾਜਬ ਸਵਾਲ ਦਾ ਜਵਾਬ ਦੇਣ ਦੀ ਬਜਾਏ ਪੱਤਰਕਾਰਾਂ ਉੱਪਰ ਪਰਚੇ ਪਾਉਣਾ ਫੇਰ ਇਸ ਗੱਲ ਨੂੰ ਸਾਫ ਕਰਦਾ ਹੈ ਕਿ ਭਗਵੰਤ ਮਾਨ ਸਰਕਾਰ ਦਾ ਆਮ ਲੋਕਾਂ ਪ੍ਰਤੀ ਰਵੱਈਆ ਕੀ ਹੈ।
ਹਰ ਜਾਬਰ ਦੀ ਇਹੋ ਕਹਾਣੀ
ਕਰਨਾ ਜਬਰ ਤੇ ਮੂੰਹ ਦੀ ਖਾਣੀ।
ਲੋਕਾਂ ਨਾਲ਼ ਵਾਅਦੇ ਕਰਕੇ ਮੁੱਕਰਣ ਵਾਲ਼ਿਆਂ ਨੂੰ ਲੋਕ ਕਦੇ ਵੀ ਨਹੀਂ ਭੁੱਲਦੇ। ਲੋਕਾਂ ’ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹੀ ਡੱਕਣ, ਲੋਕਾਂ ਦੀ ਜੁਬਾਨਬੰਦੀ ਕਰਨ, ਆਮ ਲੋਕਾਂ ਦੀ ਸੰਘੀ ਨੱਪਣ ਦਾ ਇਹ ਜੋ ਗੈਰ-ਜਮੂਹਰੀ ਰਵੱਈਆ “ਆਮ ਲੋਕਾਂ ਦੀ ਸਰਕਾਰ” ਅਪਣਾ ਰਹੀ ਹੈ ਇਸ ਦਾ ਹਿਸਾਬ ਲੋਕਾਂ ਨੇ ਲੈਣਾ ਹੈ।
ਲੋਕਾਂ ਨੂੰ ਲੁੱਟ ਕੇ ਆਪਣੇ ਖਜਾਨੇ ਭਰਨ ਵਾਲ਼ੇ ਮੰਤਰੀ ਲੀਡਰ ਸ਼ਾਇਦ ਭੁਲੇਖੇ ਵਿੱਚ ਹਨ ਕਿ ਇਹਨਾਂ ਨੂੰ ਕੋਈ ਪੁੱਛਣ ਵਾਲ਼ਾ ਨਹੀਂ, ਪਰ ਲੋਕ ਤਾਕਤ ਹਮੇਸ਼ਾ ਜਾਬਰਾਂ ਦਾ ਮੂੰਹ ਭੰਨਦੀ ਆਈ ਹੈ ਅਤੇ ਲਾਜਮੀ ਹੀ ਭਗਵੰਤ ਮਾਨ ਦੀ ਆਪ ਹਕੂਮਤ ਨੂੰ ਮੂੰਹ ਦੀ ਖਾਣੀ ਪਵੇਗੀ।
ਪਰਮਿੰਦਰ ਕੌਰ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 28 ਫਰਵਰੀ 2026 ਵਿੱਚ ਪ੍ਰਕਾਸ਼ਿਤ