ਪੰਚਕੂਲਾ:  ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ’ਚ ਵੀਕ-ਐਂਡ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ,  ਪੰਚਕੂਲਾ,  ਗੁੜਗਾਓਂ,  ਫਰੀਦਾਬਾਦ,  ਹਿਸਾਰ,  ਸੋਨੀਪਤ,  ਰੋਹਤਕ,  ਕਰਨਾਲ,  ਸਿਰਸਾ ਅਤੇ ਫਤਿਹਾਬਾਦ ’ਚ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਤਾਲਾਬੰਦੀ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਦੱਸ ਦੇਈਏ ਕਿ ਹਰਿਆਣਾ ’ਚ ਵਧਦੇ ਕੋਰੋਨਾ ਮਾਮਲਿਆਂ ਦੇ ਚਲਦੇ ਵੀਰਵਾਰ ਨੂੰ ਹੀ ਹਰਿਆਣਾ ’ਚ ਆਪਦਾ ਪ੍ਰਬੰਧਨ ਅਥਾਰਟੀ ਨੇ ਸਾਰੇ ਸੰਸਥਾਨਾਂ ਨੂੰ 31 ਮਈ ਤੱਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਅਨੁਸਾਰ,  ਹਰਿਆਣਾ ’ਚ ਸਾਰੇ ਸਰਕਾਰੀ,  ਗੈਰ-ਸਰਕਾਰੀ ਸਕੂਲ,  ਕਾਲਜ,  ਆਈਟੀਆਈ,  ਲਾਇਬ੍ਰੇਰੀ ਟ੍ਰੇਨਿੰਗ ਇੰਸਟੀਚਿਊਟ ਆਦਿ ਸਭ 31 ਮਈ ਤੱਕ ਬੰਦ ਰੱਖੇ ਜਾਣਗੇ।
ਇਸ ਸਮੇਂ ਦੌਰਾਨ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਹੀਂ ਆਵੇਗਾ। ਉਹ ਕਰਮਚਾਰੀ ਜੋ ਕਾਨੂੰਨ ਵਿਵਸਥਾ/ਐਮਰਜੈਂਸੀ ਤੇ ਮਿਊਂਸਪਲ ਸੇਵਾਵਾਂ/ਡਿਊਟੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ,  ਪੁਲਿਸ,  ਮਿਲਟਰੀ/ਸੀਏਪੀ ਮੀਡੀਆ ਅਤੇ ਸਿਹਤ,  ਬਿਜਲੀ,  ਅੱਗ ਬੁਝਾਊ ਨਾਲ ਜੁੜੇ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਹੈ। ਜ਼ਰੂਰੀ ਚੀਜਾਂ ਦੇ ਨਿਰਮਾਣ ਵਿਚ ਲੱਗੇ ਲੋਕਾਂ ’ਤੇ ਵੀ ਕੋਈ ਰੋਕ ਨਹੀਂ ਲਗਾਈ ਗਈ।
ਡਿਸਪੈਂਸਰੀਆਂ,  ਵੈਟਰਨਰੀ ਹਸਪਤਾਲਾਂ ਅਤੇ ਸਾਰੀਆਂ ਸਬੰਧਤ ਮੈਡੀਕਲ ਸੰਸਥਾਵਾਂ,  ਸਮੇਤ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਉਨ੍ਹਾਂ ਦੇ ਨਿਰਮਾਣ ਅਤੇ ਵੰਡ ਇਕਾਈਆਂ,  ਜਿਵੇਂ ਕਿ ਡਿਸਪੈਂਸਰੀਆਂ,  ਕੈਮਿਸਟ,  ਫਾਰਮਾਸਿਸਟ (ਜਨ ਆਸਾਧੀ ਕੇਂਦਰਾਂ ਸਮੇਤ) ਅਤੇ ਮੈਡੀਕਲ ਉਪਕਰਣ ਦੀਆਂ ਦੁਕਾਨਾਂ,  ਪ੍ਰਯੋਗਸ਼ਾਲਾਵਾਂ,  ਫਾਰਮਾਸਿਊਟੀਕਲ ਖੋਜ ਲੈਬਾਂ,  ਕਲੀਨਿਕਾਂ,  ਨਰਸਿੰਗ ਘਰ ਤੇ ਐਂਬੂਲੈਂਸਾਂ ਆਦਿ ਕਾਰਜਸ਼ੀਲ ਰਹਿਣਗੇ। ਸਾਰੇ ਮੈਡੀਕਲ ਕਰਮਚਾਰੀ,  ਨਰਸਾਂ,  ਪੈਰਾ ਮੈਡੀਕਲ ਲਈ ਆਵਾਜਾਈ ਅਤੇ ਹੋਰ ਹਸਪਤਾਲ ਸਹਾਇਕ ਸੇਵਾਵਾਂ ਨੂੰ ਇਜਾਜ਼ਤ ਹੋਵੇਗੀ।