ਧਰਮਗੜ੍ਹ, 29 ਅਕਤੂਬਰ 2017: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਦੀ ਬਦੌਲਤ ਇਸ ਟਰੱਸਟ ਦੀ ਦੁਨੀਆਂ ਭਰ ਚ ਵੱਖਰੀ ਪਹਿਚਾਣ ਹੈ ਪ੍ਰਤੂੰ ਇਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਸ਼ੋਸ਼ਲ ਮੀਡੀਆ ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਕ ਭਾਂਵੇ ਟਰੱਸਟ ਵਲੋ ਬੜੂ ਸਾਹਿਬ ਖਿਲਾਫ ਪੋਸਟਾਂ ਪਾਉਣ ਵਾਲੇ ਅਮਰੀਕਾ ਚ ਰਹਿੰਦੇ ਜਗਰੀਤ ਗਿੱਲ ਅਤੇ ਹੋਰਨਾਂ ਵਿਅਕਤੀਆਂ ਦੀ ਸਾਈਬਰ ਕ੍ਰਾਈਮ ਚ ਸ਼ਿਕਾਇਤ ਦਰਜ ਕਰਵਾ ਕੇ ਸ਼ੋਸ਼ਲ ਮੀਡੀਆ ਤੇ ਬਣਾਇਆ ਪੇਜ਼ ਬੰਦ ਕਰਵਾ ਦਿੱਤਾ ਹੈ ।ਬੀਤੇ ਦਿਨੀ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਬੱਸ ਦੇ ਡਰਾਈਵਰ ਵਲੋ ਬੱਚਿਆਂ ਨੂੰ ਗੁੰਮਰਾਹ ਕਰਕੇ ਕਿਸੇ ਸੁੰਨਸਾਨ ਜਗ੍ਹਾ ਤੇ ਬੱਸ ਰੋਕ ਕੇ ਬੜੂ ਸਾਹਿਬ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਕ ਵੀਡੀਓ ਬਣਾਈ ਗਈ ਸੀ, ਜਦੋ ਕਿ ਉਨ੍ਹਾਂ ਬੱਚਿਆਂ ਵਲੋ ਹੀ ਬਾਅਦ ਚ ਇਕ ਹੋਰ ਵੀਡੀਓ ਰਾਂਹੀ ਖੁਦ ਮੰਨਿਆ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਹ ਵੀਡੀਓ ਬਣਾਈ ਗਈ ਹੈ । ਉਕਤ ਅਕਾਲ ਅਕੈਡਮੀ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਇਕ ਅਜਿਹੀ ਸੰਸਥਾ ਚ ਪੜ੍ਹ ਰਹੇ ਹਨ, ਜਿਸ ਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਅਜੋਕੇ ਸਮੇ ਦੀ ਮੁੱਖ ਲੋੜ ਹੈ । ਉਕਤ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਪ੍ਰਦੁੱਮਨ ਸਿੰਘ ਵੈਰੋਵਾਲ, ਸੇਵਾ ਸਿੰਘ ਖੋਜਕੀਪੁਰ, ਪ੍ਰਤਾਪ ਸਿੰਘ ਜਲਾਲਾਬਾਦ, ਹਰਭਜਨ ਸਿੰਘ ਗਿੱਲ ਕਲੇਰ, ਰਮਨਦੀਪ ਕੌਰ ਰਾਮਪੁਰ ਭੂਤਵਿੰਡ ਅਤੇ ਸਤਨਾਮ ਸਿੰਘ ਸ਼ੇਰੋ ਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਰ ਇਕ ਖੇਤਰ ਚ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਤੇ ਦਸਤਾਰ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੋਈ ਪਾਬੰਦੀ ਨਹੀ ਹੈ ਕਿਉਕਿ ਦਸਤਾਰ ਜਿਥੇ ਬੱਚਿਆਂ ਦੀ ਵਰਦੀ ਦਾ ਹਿੱਸਾ ਹੈ, ਉਥੇ ਨਾਲ ਹੀ ਪੰਜਾਬੀ ਭਾਸ਼ਾ ਚ ਬੱਚਿਆਂ ਦੇ ਲੇਖ ਅਤੇ ਭਾਸ਼ਣ ਮੁਕਾਬਲੇ ਆਦਿ ਕਰਵਾਉਣ ਤੋ ਇਲਾਵਾ ਬੱਚੇ ਗੁਰਬਾਣੀ ਦਾ ਪਾਠ ਵੀ ਕਰਦੇ ਹਨ । ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਪ੍ਰਦੇਸ਼ੀ ਵਲੋ ਉਕਤ ਅਕਾਲ ਅਕੈਡਮੀ ਵਿਖੇ ਆ ਕੇ ਜਾਂਚ ਕੀਤੀ ਗਈ ਤਾਂ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ ਜੋ ਕਿ ਵਾਇਰਲ ਹੋਈ ਵੀਡੀਓ ਚ ਦੱਸੀ ਗਈ ਹੈ । ਇਸ ਲਈ ਅਕਾਲ ਅਕੈਡਮੀ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਤੋ ਸੁਚੇਤ ਰਹਿਣ ।