ਅੰਮ੍ਰਿਤਸਰ, 25 ਅਕਤੂਬਰ: ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ ਹਾਕੀ ਟੀਮ ਵੱਲੋਂ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਹਾਕੀ ਇੰਡੀਆ ਦੇ ਜਨਰਲ ਸਕੱਤਰ ਸ੍ਰੀ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਦੋਵਾਂ ਟੀਮਾਂ ਦੀ ਸਫ਼ਲਤਾ ਲਈ ਸ਼ੁਕਰਾਨਾ ਕੀਤਾ ਅਤੇ ਭਵਿੱਖ ਵਿੱਚ ਵੀ ਭਾਰਤੀ ਹਾਕੀ ਟੀਮਾਂ ਦੀ ਚੜ੍ਹਦੀ ਕਲਾ, ਹੋਰ ਪ੍ਰਾਪਤੀਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਅਰਦਾਸ ਕੀਤੀ।
ਇਸ ਪਾਵਨ ਅਸਥਾਨ ਵਿਖੇ ਨਤਮਸਤਕ ਹੋ ਕੇ ਸ੍ਰੀ ਭੋਲਾਨਾਥ ਸਿੰਘ ਨੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਭਾਰਤੀ ਹਾਕੀ ਖਿਡਾਰੀਆਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਜਿੱਤ ਦਾ ਅਹਿਮ ਆਧਾਰ ਮੰਨਦਿਆਂ ਕਾਮਨਾ ਕੀਤੀ ਕਿ ਖਿਡਾਰੀ ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਉਨ੍ਹਾਂ ਲਈ ਸੁਭਾਗ ਦਾ ਸਮਾਂ ਹੈ।
ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਸੂਚਨਾ ਕੇਦਰ ਵਿਖੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਵਧੀਕ ਮੈਨੇਜਰ ਹਰਵਿੰਦਰ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸਹਾਇਕ ਸੂਚਨਾ ਅਧਿਕਾਰੀ ਸ. ਜਤਿੰਦਰ ਸਿੰਘ, ਸ੍ਰੀ ਰਾਕੇਸ਼ ਭਾਟੀਆ, ਕੋਚ ਸ. ਗੁਰਬਖਸੀ਼ੀਸ਼ ਸਿੰਘ, ਸ. ਕੁਲਜੀਤ ਸਿੰਘ ਭੰਮਰਾ, ਸ. ਪ੍ਰਭਜੋਤ ਸਿੰਘ, ਸ. ਪਰਮਜੀਤ ਸਿੰਘ ਤੇ ਖਿਡਾਰੀ ਸਨ. ਜਸਕਰਨ ਸਿੰਘ ਮੌਜੂਦ ਸਨ।