ਇਸਲਾਮਾਬਾਦ : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਸਿੱਖ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਾਇਰਿੰਗ ਤੋਂ ਬਾਅਦ ਬਾਈਕ 'ਤੇ ਆਏ ਦੋਵੇਂ ਹਮਲਾਵਰ ਆਸਾਨੀ ਨਾਲ ਫਰਾਰ ਹੋ ਗਏ। ਇਸ ਘਟਨਾ ਤੋਂ ਪਹਿਲਾਂ ਬੁੱਧਵਾਰ ਨੂੰ ਕਰਾਚੀ ਵਿੱਚ ਇੱਕ ਹਿੰਦੂ ਡਾਕਟਰ ਦੀ ਇਸੇ ਤਰ੍ਹਾਂ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਦੋ ਦਿਨ ਪਹਿਲਾਂ ਕਰਾਚੀ ਵਿੱਚ ਹੀ ਇੱਕ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ।ਪੁਲਿਸ ਮੁਤਾਬਕ ਮਾਰੇ ਗਏ ਸਿੱਖ ਦਾ ਨਾਂ ਦਿਆਲ ਸਿੰਘ ਸੀ।
ਉਹ ਪੇਸ਼ਾਵਰ ਦੇ ਦੀਰ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਦਿਆਲ ਸਿੰਘ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਆਪਣੀ ਦੁਕਾਨ 'ਤੇ ਸੀ। ਇਸ ਦੌਰਾਨ ਬਾਈਕ ਸਵਾਰ ਦੋ ਵਿਅਕਤੀ ਆਏ ਅਤੇ ਦਿਆਲ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਹਮਲੇ ਤੋਂ ਬਾਅਦ ਦੋਸ਼ੀ ਬੜੀ ਆਸਾਨੀ ਨਾਲ ਫਰਾਰ ਹੋ ਗਏ, ਜਦਕਿ ਇਹ ਕਾਫੀ ਭੀੜ ਵਾਲਾ ਇਲਾਕਾ ਹੈ। ਸੜਕ ਦੇ ਕਿਨਾਰੇ ਇੱਕ ਪੁਲਿਸ ਚੌਕੀ ਵੀ ਮੌਜੂਦ ਹੈ। ਇਸ ਦੇ ਬਾਵਜੂਦ ਮੁਲਜ਼ਮਾਂ ਨੂੰ ਭੱਜਣ ਵਿੱਚ ਕੋਈ ਮੁਸ਼ਕਲ ਨਹੀਂ ਆਈ।ਪੁਲਿਸ ਮੁਤਾਬਕ ਦਿਆਲ ’ਤੇ ਕੁੱਲ 30 ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ।ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਸਿੱਖ ਦੁਕਾਨਦਾਰ ਦੀ ਕਥਿਤ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਵੱਧ ਰਹੇ ਹਨ, ਕਿਉਂਕਿ ਉੱਥੇ ਦੀਆਂ ਸਰਕਾਰਾਂ ਅਤੀਤ ਵਿੱਚ ਅਜਿਹੇ ਕਈ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹੀਆਂ ਹਨ।ਉਨ੍ਹਾਂ ਭਾਰਤ ਸਰਕਾਰ ਤੇ ਡਾਕਟਰ ਐਸ ਜੈਸ਼ੰਕਰ ਨੂੰ ਪਾਕਿਸਤਾਨ ਵਿੱਚ ਆਪਣੇ ਹਮਰੁਤਬਾ ਨਾਲ ਇਸ ਕਤਲ ਦਾ ਸਖ਼ਤ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੂੰ ਘੱਟ ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।