ਕਾਠਮੰਡੂ : ਪੁਸ਼ਪ ਕਮਲ ਦਹਿਲ ਉਰਫ਼ ਪ੍ਰਚੰਡ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਐਤਵਾਰ ਸ਼ਾਮ ਯਾਨੀ 25 ਦਸੰਬਰ ਨੂੰ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪ੍ਰਚੰਡ ਨੇ ਚੀਨ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਮਿਊਨਿਸਟ ਨੇਤਾ ਕੇਪੀ ਸ਼ਰਮਾ ਓਲੀ ਸਮੇਤ 5 ਹੋਰ ਗੱਠਜੋੜ ਪਾਰਟੀਆਂ ਦੇ ਨਾਲ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।
ਪ੍ਰਚੰਡ ਅੱਜ ਸ਼ਾਮ 4 ਵਜੇ ਸਹੁੰ ਚੁੱਕਣਗੇ।ਪ੍ਰਚੰਡ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣਨਗੇ। ਪਹਿਲੀ ਵਾਰ ਉਹ 2008 ਤੋਂ 2009 ਤੱਕ ਅਤੇ ਦੂਜੀ ਵਾਰ 2016 ਤੋਂ 2017 ਤੱਕ ਪ੍ਰਧਾਨ ਮੰਤਰੀ ਬਣੇ। ਸਮਝੌਤੇ ਤਹਿਤ ਪ੍ਰਚੰਡ ਪਹਿਲੇ ਢਾਈ ਸਾਲਾਂ ਲਈ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਬਾਅਦ ਸੀਪੀਐਨ-ਯੂਐਮਐਲ ਸੱਤਾ ਸੰਭਾਲੇਗੀ। ਇਸ ਦਾ ਮਤਲਬ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਨੇਤਾ ਚੀਨ ਪੱਖੀ ਮੰਨੇ ਜਾਂਦੇ ਹਨ।