ਲਾਹੌਰ : ਪਾਕਿਸਤਾਨ ਦੇ ਸੂਬਾ ਪੰਜਾਬ ਦੇ ਰਾਜਪਾਲ ਬਲੀਗੁਰ ਰਹਿਮਾਨ ਨੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਦੀ ਸਲਾਹ ’ਤੇ ਦਸਤਖਤ ਕਰਨ ਤੋਂ ਇਨਕਾਰ ਕਰਨ ਤੋਂ 48 ਘੰਟੇ ਬਾਅਦ ਪੰਜਾਬ ਵਿਧਾਨ ਸਭਾ ਬੀਤੀ ਦੇਰ ਸ਼ਾਮ ਸੰਵਿਧਾਨ ਅਨੁਸਾਰ ਭੰਗ ਕਰ ਦਿੱਤੀ । ਇਲਾਹੀ ਨੇ ਵੀਰਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖਾਨ ਦੀ ‘ਇੱਛਾ’ ਅਨੁਸਾਰ ਵਿਧਾਨ ਸਭਾ ਨੂੰ ਭੰਗ ਕਰਨ ਦਾ ਸੁਝਾਅ ਭੇਜਿਆ ਸੀ ।
ਰਾਜਪਾਲ ਨੇ ਇਸ ਸਲਾਹ ’ਤੇ ਦਸਤਖ਼ਤ ਨਹੀਂ ਕੀਤੇ । ਇਸ ਤੋਂ ਬਾਅਦ ਸੰਵਿਧਾਨ ਮੁਤਾਬਕ ਰਾਜਪਾਲ ਨੂੰ ਸਲਾਹ ਭੇਜੇ ਜਾਣ ਤੋਂ 48 ਘੰਟੇ ਬਾਅਦ ਵਿਧਾਨ ਸਭਾ ਭੰਗ ਕਰ ਦਿੱਤੀ ਗਈ । ਰਾਜਪਾਲ ਨੇ ਟਵੀਟ ਕੀਤਾ, “ਮੈਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਨਾ ਬਣਨ ਦਾ ਫ਼ੈਸਲਾ ਕੀਤਾ ਹੈ । ਇਸ ਦੀ ਬਜਾਏ, ਮੈਂ ਸੰਵਿਧਾਨ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗਾ । ਅਜਿਹਾ ਕਰਨ ਨਾਲ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਵਿੱਚ ਰੁਕਾਵਟ ਨਹੀਂ ਆਵੇਗੀ ਕਿਉਂਕਿ ਸੰਵਿਧਾਨ ਇਸ ਸਬੰਧ ਵਿਚ ਅਗਲੀ ਪ੍ਰਕਿਰਿਆ ਨੂੰ ਸਪੱਸ਼ਟ ਤੌਰ ’ਤੇ ਨਿਰਧਾਰਤ ਕਰਦਾ ਹੈ ।’’ ਰਹਿਮਾਨ ਨੇ ਕਾਰਜਕਾਰੀ ਮੁੱਖ ਮੰਤਰੀ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਮੁੱਖ ਮੰਰਤੀ ਇਲਾਹੀ ਅਤੇ ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਾਹਬਾਜ਼ (ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਪੁੱਤਰ) ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੂੰ 17 ਜਨਵਰੀ ਤੱਕ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਆਖਿਆ ਗਿਆ ਹੈ।