ਨਵੀਂ ਦਿੱਲੀ: ਫਾਰਮਾ ਕੰਪਨੀ ਜੌਨਸਨ ਐਂਡ ਜੌਨਸਨ ਨੇ ਆਪਣੀ ਸਿੰਗਲ ਡੋਜ਼ ਵੈਕਸੀਨ ਦੇ ਤੀਜੇ ਪੜਾਅ ਦੇ ਟਰਾਇਲ ਲਈ ਭਾਰਤੀ ਦਵਾਈ ਰੈਗੂਲੇਟਰੀ ਤੋਂ ਮਨਜ਼ੂਰੀ ਮੰਗੀ ਹੈ। ਨਾਲ ਹੀ ਕੰਪਨੀ ਨੇ ਦਰਾਮਦ ਲਾਇਸੈਂਸ ਦੀ ਵੀ ਅਪੀਲ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀ ਨੇ ਅਰਜ਼ੀ ’ਤੇ ਛੇਤੀ ਫ਼ੈਸਲੇ ਲਈ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਵੱਲੋਂ ਬਣਾਈ ਗਈ ਸਬਜੈਕਟ ਐਕਸਪਰਟ ਕਮੇਟੀ ਦੀ ਮੀਟਿੰਗ ਦੀ ਮੰਗ ਕੀਤੀ ਹੈ।
ਕੇਂਦਰ ਸਰਕਾਰ ਨੇ ਪਿਛਲੇ ਹਫਤੇ ਸਾਰੇ ਵਿਦੇਸ਼ੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਮਨਜ਼ੂਰੀ ਨੂੰ ਰਫ਼ਤਾਰ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਵਿਸ਼ਵ ਸਿਹਤ ਸੰਗਠਨ ਜਾਂ ਅਮਰੀਕਾ, ਯੂਰਪ, ਬਰਤਾਨੀਆ ਜਾਂ ਜਾਪਾਨ ਦੇ ਰੈਗੂਲੇਟਰਾਂ ਵੱਲੋਂ ਮਨਜ਼ੂਰੀ ਪ੍ਰਾਪਤ ਟੀਕੇ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ, ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਦੋ ਤੋਂ ਅੱਠ ਡਿਗਰੀ ਤਾਪਮਾਨ ’ਤੇ ਤਿੰਨ ਮਹੀਨੇ ਤਕ ਸਟੋਰ ਕੀਤਾ ਜਾ ਸਕਦਾ ਹੈ। ਇਸ ਦੀ ਇਕ ਡੋਜ਼ ਹੀ ਕੋਰੋਨਾ ਤੋਂ ਬਚਾਉਣ ’ਚ ਕਾਰਗਰ ਪਾਈ ਗਈ ਹੈ।