ਮੈਲਬੌਰਨ: ਆਸਟਰੇਲੀਆ ਵਿੱਚ ਇੱਕ ਭਾਰਤੀ ਜੋੜੇ ਨੇ ਬਜ਼ੁਰਗ ਔਰਤ ਨੂੰ 8 ਸਾਲਾਂ ਤੱਕ ਕੈਦ ਕਰਕੇ ਰੱਖਿਆ ਸੀ ਅਤੇ ਉਸ ਦੇ ਨਾਲ ਗੁਲਾਮ ਜਿਹਾ ਸਲੂਕ ਕਰਦੇ ਸਨ। ਆਸਟ੍ਰੇਲੀਅਨ ਪੁਲਿਸ ਮੁਤਾਬਕ ਕਾਫੀ ਬਜ਼ੁਰਗ ਹੋ ਚੁੱਕੀ ਦਾਦੀ ਮਾਂ ਜਿਹੀ ਔਰਤ ਨੂੰ ਮੁਲਜ਼ਮਾਂ ਨੇ ਨੌਕਰਾਣੀ ਬਣਾ ਕੇ ਰੱਖਿਆ ਸੀ, ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ।
ਆਸਟਰੇਲੀਆ ਵਿੱਚ ਰਹਿਣ ਵਾਲੇ ਭਾਰਤੀ ਜੋੜੇ ਕੰਦਾਸਾਮੀ ਅਤੇ ਉਨ੍ਹਾਂ ਦੀ ਪਤਨੀ ਕੁਮੁਥਨੀ ਨੂੰ ਆਸਟਰੇਲੀਆਈ ਕੋਰਟ ਨੇ ਮਨੁੱਖਤਾ ਖ਼ਿਲਾਫ਼ ਜੁਰਮ ਵਿੱਚ ਦੋਸ਼ੀ ਠਹਿਰਾਇਆ ਅਤੇ ਦੋਵਾਂ ਨੂੰ ਅੱਠ ਸਾਲ ਅਤੇ 6 ਸਾਲ ਦੀ ਸਖ਼ਤ ਸਜ਼ਾ ਸੁਣਾਈ।
ਰਿਪੋਰਟ ਮੁਤਾਬਕ ਇਸ ਤਮਿਲ ਜੋੜੇ ਨੇ ਮੈਲਬੌਰਨ ਵਿੱਚ ਆਪਣੇ ਘਰ ਵਿੱਚ ਔਰਤ ਨੂੰ ਕੈਦ ਕਰਕੇ ਰੱਖਿਆ ਅਤੇ ਉਸ ਕੋਲੋਂ ਨੌਕਰਾਂ ਦਾ ਕੰਮ ਕਰਵਾਇਆ ਜਾਂਦਾ ਸੀ। ਅਟਾਰਨੀ ਮੁਤਾਬਕ ਆਸਟ੍ਰੇਲੀਆ ਦਾ ਇਹ ਪਹਿਲਾ ਮਾਮਲਾ ਹੈ ਜਦ ਕਿਸੇ ਅਦਾਲਤ ਨੇ ਘਰੇਲੂ ਦਾਸਤਾ ਦੇ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਸਜ਼ਾ ਸੁਣਾਈ। ਕੋਰਟ ਨੇ ਇਸ ਮਾਮਲੇ ਨੂੰ ਮਨੁੱਖਤਾ ਦੇ ਖ਼ਿਲਾਫ਼ ਸਭ ਤੋਂ ਵੱਡਾ ਅਪਰਾਧ ਠਹਿਰਾਇਆ ਹੈ ਅਤੇ ਇਹ ਪਹਿਲਾ ਮਾਮਲਾ ਹੈ ਜਦ ਕਿਸੇ ਨੂੰ ਇੰਨੇ ਲੰਬੇ ਸਮੇਂ ਤੱਕ ਗੁਲਾਮ ਬਣਾ ਕੇ ਰੱਖਿਆ ਸੀ।
ਆਸਟਰੇਲੀਆ ਪੁਲਿਸ ਮੁਤਾਬਕ ਮੁਲਜ਼ਮਾਂ ਦੇ ਘਰ ਤੋਂ ਬੇਹੱਦ ਸਨਸਨੀਖੇਜ ਸੀਸੀਟੀਵੀ ਵੀਡੀਓ ਮਿਲਿਆ ਜਿਸ ਵਿੱਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਨੇ ਬਜ਼ੁਰਗ ਔਰਤ ਨੁੂੰ ਖਸਤਾ ਹਾਲਤ ਕਮਰੇ ਵਿੱਚ ਰੱਖਿਆ ਸੀ ਕੰਮ ਨਾ ਕਰਨ ’ਤੇ ਉਸ ਦੇ ਉਪਰ ਗਰਮ ਚਾਹ ਸੁੱਟੀ ਜਾਂਦੀ ਸੀ। ਪੁਲਿਸ ਨੇ ਕਿਹਾ ਕਿ ਬੇਹੱਦ ਕਮਜ਼ੋਰ ਹੋ ਚੁੱਕੀ ਬੁੱਢੀ ਔਰਤ ਕੰਮ ਕਰਨ ਵਿੱਚ ਅਸਮਰਥ ਸੀ, ਜਿਸ ਨੂੰ ਲੈ ਕੇ ਉਸ ਨੂੰ ਡੰਡੇ ਨਾਲ ਕੁੱਟਿਆ ਜਾਂਦਾ ਸੀ। ਇਨ੍ਹਾਂ ਸਬੂਤਾਂ ਨੂੰ ਦੇਖਣ ਤੋਂ ਬਾਅਦ ਬੁਧਵਾਰ ਨੂੰ ਵਿਕਟੋਰੀਆ ਦੇ ਸੁਪਰੀਮ ਕੋਰਟ ਨੇ 57 ਸਾਲ ਦੇ ਕੰਡਾਸਾਮੀ ਨੂੰ ਛੇ ਸਾਲ ਦੀ ਸਜ਼ਾ ਅਤੇ ਉਸ ਦੀ ਪਤਨੀ ਕੁਮੁਥਨੀ ਨੂੰ 8 ਸਾਲ ਦੀ ਸਜ਼ਾ ਸੁਣਾਈ। ਇਹ ਪੂਰਾ ਮਾਮਲਾ 2007 ਤੋਂ 2015 ਦੇ ਵਿੱਚ ਦਾ ਹੈ, ਜਿਸ ਦਾ ਫੈਸਲਾ ਹੁਣ ਸੁਣਾਇਆ ਗਿਆ ਹੈ।