ਨਵੀਂ ਦਿੱਲੀ, 24 ਜੁਲਾਈ 2026: ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸਵੇਰੇ 7:30 ਵਜੇ ਤੋਂ ਰਾਜਧਾਨੀ ਦੇ 17 ਮਹੱਤਵਪੂਰਨ ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਕਾਰਨ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡੀਐਮਆਰਸੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰ ਬਾਗ, ਸ਼ਿਵਾਜੀ ਸਟੇਡੀਅਮ ਅਤੇ ਝੰਡੇਵਾਲਨ ਮੈਟਰੋ ਸਟੇਸ਼ਨ ਫਿਲਹਾਲ ਯਾਤਰੀਆਂ ਲਈ ਬੰਦ ਰਹਿਣਗੇ।
ਹਾਲਾਂਕਿ ਡੀਐਮਆਰਸੀ ਨੇ ਸਪੱਸ਼ਟ ਕੀਤਾ ਹੈ ਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ 'ਤੇ ਇੰਟਰਚੇਂਜ ਦੀ ਸਹੂਲਤ ਜਾਰੀ ਰਹੇਗੀ। ਇਸ ਦਾ ਅਰਥ ਹੈ ਕਿ ਯਾਤਰੀ ਇਨ੍ਹਾਂ ਸਟੇਸ਼ਨਾਂ 'ਤੇ ਟ੍ਰੇਨਾਂ ਬਦਲ ਸਕਣਗੇ, ਪਰ ਸਟੇਸ਼ਨ ਤੋਂ ਬਾਹਰ ਨਿਕਲਣ ਜਾਂ ਅੰਦਰ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਮੈਟਰੋ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਡੀਐਮਆਰਸੀ ਦੇ ਅਧਿਕਾਰਕ ਮਾਧਿਅਮਾਂ ਰਾਹੀਂ ਤਾਜ਼ਾ ਜਾਣਕਾਰੀ ਅਤੇ ਵਿਕਲਪਕ ਰੂਟਾਂ ਦੀ ਜਾਂਚ ਕਰ ਲੈਣ। ਇਸ ਦੇ ਨਾਲ ਹੀ ਯਾਤਰੀਆਂ ਨੂੰ ਲੋੜ ਪੈਣ 'ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
ਡੀਐਮਆਰਸੀ ਨੇ ਕਿਹਾ ਹੈ ਕਿ ਸਥਿਤੀ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਹਾਲਾਤ ਸਧਾਰਨ ਹੋਣ 'ਤੇ ਸਟੇਸ਼ਨਾਂ ਨੂੰ ਮੁੜ ਖੋਲ੍ਹਣ ਬਾਰੇ ਅਗਲਾ ਨੋਟਿਸ ਜਾਰੀ ਕੀਤਾ ਜਾਵੇਗਾ।