- 200 ਟਨ ਦੀ ਮਸ਼ੀਨ ਲੈ ਕੇ ਪਹੁੰਚੇਗਾ ਲਖੀਮਪੁਰ
ਨਵੀਂ ਦਿੱਲੀ, 1 ਅਕਤੂਬਰ : ਉੱਤਰ ਪ੍ਰਦੇਸ਼ ਦੀਆਂ ਸੜਕਾਂ ’ਤੇ ਇਨ੍ਹੀਂ ਦਿਨੀਂ 308 ਪਹੀਆਂ ਵਾਲਾ ਵਿਸ਼ਾਲ ਮੈਗਾ ਟਰੱਕ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਰੀਬ 100 ਫੁੱਟ ਲੰਬਾ ਅਤੇ 7 ਮੀਟਰ ਚੌੜਾ ਇਹ ਵਿਸ਼ੇਸ਼ ਟਰੱਕ 200 ਟਨ ਭਾਰੀ ਉਦਯੋਗਿਕ ਮਸ਼ੀਨ ਲੈ ਕੇ ਓਡਿਸ਼ਾ ਦੇ ਪਾਰਾਦੀਪ ਬੰਦਰਗਾਹ ਤੋਂ ਲਖੀਮਪੁਰ ਖੀਰੀ ਵੱਲ ਜਾ ਰਿਹਾ ਹੈ। ਦਰਅਸਲ 200 ਟਨ ਭਾਰੀ ਇਹ ਉਦਯੋਗਿਕ ਵੈਸਲ ਬੈਲਜੀਅਮ ਦੇ ਐਂਟਵਰਪ ਬੰਦਰਗਾਹ ਤੋਂ ਸਮੁੰਦਰੀ ਰਸਤੇ ਓਡਿਸ਼ਾ ਦੇ ਪਾਰਾਦੀਪ ਪੋਰਟ ਪਹੁੰਚਿਆ ਸੀ। ਉਥੋਂ ਇਸ ਨੂੰ ਵਿਸ਼ੇਸ਼ ਹੈਵੀ-ਡਿਊਟੀ ਹਾਈਡ੍ਰੌਲਿਕ ਟਰੱਕ ਰਾਹੀਂ ਬਲਰਾਮਪੁਰ ਸ਼ੂਗਰ ਮਿਲ, ਲਖੀਮਪੁਰ ਖੀਰੀ ਲਿਜਾਇਆ ਜਾ ਰਿਹਾ ਹੈ।
ਇਹ ਕਾਫਲਾ ਸੋਮਵਾਰ ਨੂੰ ਵਾਰਾਣਸੀ ਪਹੁੰਚਿਆ ਸੀ। ਮੰਗਲਵਾਰ ਸਵੇਰੇ ਰਾਜਾਤਾਲਾਬ ਤੋਂ ਰਿੰਗ ਰੋਡ ਰਾਹੀਂ ਹਰਹੂਆ ਅਤੇ ਸੰਦਾ ਹੁੰਦਾ ਹੋਇਆ ਗਾਜ਼ੀਪੁਰ ਵੱਲ ਰਵਾਨਾ ਹੋ ਗਿਆ। ਇੰਨੇ ਵੱਡੇ ਟਰੱਕ ਨੂੰ ਲੰਘਾਉਣਾ ਆਸਾਨ ਨਹੀਂ ਹੈ। ਕਈ ਥਾਵਾਂ ’ਤੇ ਸੜਕਾਂ ਦੀ ਘੱਟ ਚੌੜਾਈ, ਫਲਾਈਓਵਰ, ਬਿਜਲੀ ਦੇ ਖੰਭੇ ਅਤੇ ਹੋਰਡਿੰਗ ਰੁਕਾਵਟ ਬਣ ਰਹੇ ਹਨ। ਇਸ ਕਾਰਨ ਰਸਤਾ ਖਾਲੀ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਵਿਸ਼ਾਲ ਟਰੱਕ ਦੀ ਔਸਤ ਰਫ਼ਤਾਰ ਲਗਭਗ 20 ਕਿਲੋਮੀਟਰ ਪ੍ਰਤੀ ਦਿਨ ਦੱਸੀ ਜਾ ਰਹੀ ਹੈ।
ਪਾਰਾਦੀਪ ਤੋਂ ਚੱਲਿਆ ਇਹ ਟਰੱਕ ਓਡਿਸ਼ਾ ਤੋਂ ਬਾਅਦ ਝਾਰਖੰਡ ਅਤੇ ਬਿਹਾਰ ਤੋਂ ਹੁੰਦਾ ਹੋਇਆ ਉੱਤਰ ਪ੍ਰਦੇਸ਼ ਪਹੁੰਚਿਆ। ਬਿਹਾਰ ਦੇ ਔਰੰਗਾਬਾਦ, ਰੋਹਤਾਸ ਅਤੇ ਕੈਮੂਰ ਤੋਂ ਲੰਘ ਕੇ ਇਸ ਨੇ ਨੌਬਤਪੁਰ ਰਾਹੀਂ ਚੰਦੌਲੀ ਵਿੱਚ ਦਾਖ਼ਲਾ ਲਿਆ। ਇਸ ਤੋਂ ਬਾਅਦ ਇਹ ਵਾਰਾਣਸੀ, ਗਾਜ਼ੀਪੁਰ ਅਤੇ ਆਜ਼ਮਗੜ੍ਹ ਸਮੇਤ ਯੂਪੀ ਦੇ ਕਈ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ ਲਖੀਮਪੁਰ ਖੀਰੀ ਸਥਿਤ ਬਲਰਾਮਪੁਰ ਸ਼ੂਗਰ ਮਿਲ ਪਹੁੰਚੇਗਾ।
ਬੈਲਜੀਅਮ ਤੋਂ ਲਿਆਂਦੇ ਗਏ ਇਸ ਵੈਸਲ ਨੂੰ ਬਲਰਾਮਪੁਰ ਸ਼ੂਗਰ ਮਿਲ ਨਾਲ ਸਬੰਧਤ ਐਥਨੌਲ ਪਲਾਂਟ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਵਿੱਚ ਵੈਕਿਊਮ ਬਾਇਲਰ ਸਮੇਤ ਭਾਰੀ ਉਦਯੋਗਿਕ ਉਪਕਰਨ ਲੱਗੇ ਹੋਏ ਹਨ। ਇਸ ਦੀ ਵਰਤੋਂ ਗੰਨੇ ਤੋਂ ਐਥਨੌਲ ਸਮੇਤ ਹੋਰ ਸਹਿ-ਉਤਪਾਦ ਤਿਆਰ ਕਰਨ ਲਈ ਕੀਤੀ ਜਾਵੇਗੀ।
ਇਸ ਵਿਸ਼ੇਸ਼ ਟਰੱਕ ਵਿੱਚ 308 ਪਹੀਏ ਹਨ ਅਤੇ ਇਸ ਨੂੰ ਸੈਂਕੜੇ ਟਨ ਭਾਰ ਢੋਣ ਲਈ ਤਿਆਰ ਕੀਤਾ ਗਿਆ ਹੈ। ਜੇਐਮ ਬਕਸ਼ੀ ਗਰੁੱਪ ਵੱਲੋਂ ਕੀਤੀ ਜਾ ਰਹੀ ਇਸ ਢੁਆਈ ਵਿੱਚ ਵੋਲਵੋ ਦਾ ਹੈਵੀ-ਡਿਊਟੀ Volvo FH16 ਮਾਡਲ ਵਰਤਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਇਸ ਦੀ ਇੰਜਣ ਸਮਰੱਥਾ 600 ਤੋਂ 780 HP ਤੱਕ ਹੈ ਅਤੇ ਇਹ ਭਾਰੀ ਭਾਰ ਨੂੰ ਕਈ ਪਹੀਆਂ ’ਤੇ ਸੰਤੁਲਿਤ ਕਰਕੇ ਖਿੱਚਣ ਲਈ ਸਮਰੱਥ ਹੈ।
ਟਰੱਕ ਦੇ ਡਰਾਈਵਰ ਮੁਤਾਬਕ ਇਸ ਸਫ਼ਰ ਦੌਰਾਨ ਹੁਣ ਤੱਕ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਖਪਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਕਰੀਬ 200 ਲੀਟਰ ਡੀਜ਼ਲ ਵਰਤਿਆ ਜਾ ਰਿਹਾ ਹੈ। ਉਮੀਦ ਹੈ ਕਿ ਇਹ ਵਿਸ਼ਾਲ ਕਾਫਲਾ ਆਉਣ ਵਾਲੇ ਨਰਾਤਿਆਂ ਤੱਕ ਲਖੀਮਪੁਰ ਸਥਿਤ ਪਲਾਂਟ ਪਹੁੰਚ ਜਾਵੇਗਾ।