Thursday, August 20, 2026

Punjab

ਕਿਸਾਨਾਂ ਨੂੰ ਬਿਹਤਰ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਨਾਲ ਮਿਲੇਗੀ ਸਾਫ਼ਸੁਥਰੀ ਤੇ ਸੁਰੱਖਿਅਤ ਸਿੰਚਾਈ ਵਿਵਸਥਾ - ਮੰਤਰੀ ਗੋਇਲ

ਪੰਜਾਬ ਨਿਊਜ਼ ਐਕਸਪ੍ਰੈੱਸ | August 19, 2026 05:51 PM

- ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਲਈ ਗਿੱਦੜਬਾਹਾ ਹਲਕੇ ਵਿੱਚ 8.38 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 19 ਅਗਸਤ : ਕੈਬਨਿਟ ਮੰਤਰੀ, ਪੰਜਾਬ ਬਰਿੰਦਰ ਕੁਮਾਰ ਗੋਇਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਦੌਰੇ ਦੌਰਾਨ 8.38 ਕਰੋੜ ਰੁਪਏ ਦੀ ਲਾਗਤ ਨਾਲ ਕੋਟਭਾਈ ਰਜਬਾਹੇ ਨੂੰ ਪਾਈਪਲਾਈਨ ਵਿੱਚ ਤਬਦੀਲ ਕਰਨ, 10 ਨੰਬਰ ਮੋਘਿਆਂ ਦੇ ਖਾਲਾਂ ਦੀ ਮੁੜ ਉਸਾਰੀ ਅਤੇ ਪਿਉਰੀ ਰਜਬਾਹੇ ਦੀ ਐਕਸਟੈਂਸ਼ਨ ਅਤੇ ਹੈੱਡ ਰੈਗੂਲੇਟਰ ਦੀ ਰੀਮਾਡਲਿੰਗ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਗਿੱਦੜਬਾਹਾ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸੁਚਾਰੂ ਅਤੇ ਬਿਹਤਰ ਸਪਲਾਈ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਲ ਸਰੋਤ ਵਿਭਾਗ ਅਧੀਨ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਗਿੱਦੜਬਾਹਾ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਕੋਟਭਾਈ ਰਜਬਾਹੇ ਨੂੰ ਬੁਰਜੀ 127500 ਤੋਂ 134342 ਤੱਕ ਪਾਈਪਲਾਈਨ ਵਿੱਚ ਤਬਦੀਲ ਕਰਨ ਦੇ ਕੰਮ ਲਈ 2.30 ਕਰੋੜ ਰੁਪਏ, 10 ਨੰਬਰ ਮੋਘਿਆਂ ਦੇ ਖਾਲਾਂ ਦੀ ਮੁੜ ਉਸਾਰੀ ਲਈ 5.30 ਕਰੋੜ ਰੁਪਏ ਅਤੇ ਪਿਉਰੀ ਰਜਬਾਹੇ ਦੀ ਬੁਰਜੀ ਨੰਬਰ 20137 ਤੋਂ 26187 ਤੱਕ ਐਕਸਟੈਂਸ਼ਨ ਅਤੇ ਹੈੱਡ ਰੈਗੂਲੇਟਰ ਦੀ ਰੀਮਾਡਲਿੰਗ ਦੇ ਕੰਮ ਦੀ ਕੁੱਲ ਲੰਬਾਈ 1.84 ਕਿਲੋਮੀਟਰ ਹੈ ਅਤੇ ਇਸ ’ਤੇ ਲਗਭਗ 0.78 ਕਰੋੜ ਰੁਪਏ ਦੀ ਲਾਗਤ ਆਵੇਗੀ।

ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੇ ਨਾਲ-ਨਾਲ ਅਜਿਹੇ ਕਈ ਕੰਮ ਵੀ ਕਰਕੇ ਦਿਖਾਏ ਹਨ, ਜਿਨ੍ਹਾਂ ਦੀ ਪਹਿਲਾਂ ਕੋਈ ਗਰੰਟੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਨੂੰ ਯਕੀਨੀ ਬਣਾਇਆ ਹੈ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਮਿਲਣ ਦੇ ਨਾਲ-ਨਾਲ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਵਿੱਚ ਵੀ ਮਦਦ ਮਿਲ ਰਹੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪਿਉਰੀ ਰਜਬਾਹੇ ਦੀ ਐਕਸਟੈਂਸ਼ਨ ਅਤੇ ਹੈੱਡ ਰੈਗੂਲੇਟਰ ਦੀ ਰੀਮਾਡਲਿੰਗ ਨਾਲ ਨਹਿਰੀ ਪਾਣੀ ਦੀ ਵੰਡ ਅਤੇ ਸਿੰਚਾਈ ਪ੍ਰਬੰਧਨ ਵਿੱਚ ਹੋਰ ਸੁਧਾਰ ਆਵੇਗਾ। ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਲਈ ਲੋੜੀਂਦੇ ਪਾਣੀ ਦੀ ਵਧੇਰੇ ਸੁਚਾਰੂ ਅਤੇ ਭਰੋਸੇਯੋਗ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਦੱਸਿਆ ਕਿ ਕੋਟਭਾਈ ਰਜਬਾਹੇ ਨੂੰ ਪਾਈਪਲਾਈਨ ਵਿੱਚ ਤਬਦੀਲ ਕਰਨ ਨਾਲ ਸ਼ਹਿਰੀ ਖੇਤਰ ਨੂੰ ਵੱਡਾ ਲਾਭ ਮਿਲੇਗਾ। ਮੌਜੂਦਾ ਡਿਸਟ੍ਰੀਬਿਊਟਰੀ ਗਿੱਦੜਬਾਹਾ ਸ਼ਹਿਰ ਦੇ ਰਿਹਾਇਸ਼ੀ ਅਤੇ ਸ਼ਹਿਰੀ ਖੇਤਰ ਵਿੱਚੋਂ ਲੰਘ ਰਹੀ ਹੈ। ਇਸ ਨੂੰ ਬੰਦ ਕਰਕੇ ਇਸ ਦੀ ਥਾਂ ਪਾਈਪਲਾਈਨ ਵਿਛਾਉਣ ਨਾਲ ਕਈ ਮਹੱਤਵਪੂਰਨ ਲਾਭ ਹੋਣਗੇ। ਮੌਜੂਦਾ ਖੁੱਲ੍ਹੀ ਡਿਸਟ੍ਰੀਬਿਊਟਰੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਕੂੜਾ-ਕਰਕਟ ਸੁੱਟਣ ਕਾਰਨ ਪੈਦਾ ਹੋਣ ਵਾਲੀ ਗੰਦਗੀ ਦੀ ਸਮੱਸਿਆ ਦੂਰ ਹੋਵੇਗੀ ਅਤੇ ਸਿੰਚਾਈ ਤੇ ਵਾਟਰ ਵਰਕਸ ਲਈ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣੇਗੀ।

ਉਨ੍ਹਾਂ ਅੱਗੇ ਕਿਹਾ ਕਿ ਪਾਈਪਲਾਈਨ ਰਾਹੀਂ ਪਾਣੀ ਦੀ ਸੁਰੱਖਿਅਤ ਅਤੇ ਨਿਯੰਤਰਿਤ ਸਪਲਾਈ ਹੋਣ ਕਾਰਨ ਡਿਸਟ੍ਰੀਬਿਊਟਰੀ ਦੇ ਓਵਰਫਲੋ ਜਾਂ ਟੁੱਟਣ ਕਾਰਨ ਸ਼ਹਿਰੀ ਅਤੇ ਰਿਹਾਇਸ਼ੀ ਖੇਤਰ ਵਿੱਚ ਪਾਣੀ ਭਰਨ ਅਤੇ ਜਾਨੀ-ਮਾਲੀ ਨੁਕਸਾਨ ਦੇ ਖਤਰੇ ਨੂੰ ਵੀ ਘਟਾਇਆ ਜਾ ਸਕੇਗਾ।

ਇਸ ਤੋਂ ਇਲਾਵਾ ਡਿਸਟ੍ਰੀਬਿਊਟਰੀ ਦੀ ਟੇਲ ’ਤੇ ਸਥਿਤ ਵਾਟਰ ਵਰਕਸ ਨੂੰ ਲੋੜੀਂਦੇ ਪਾਣੀ ਦੀ ਨਿਰੰਤਰ ਅਤੇ ਭਰੋਸੇਯੋਗ ਸਪਲਾਈ ਯਕੀਨੀ ਹੋਵੇਗੀ। ਖੁੱਲ੍ਹੀ ਡਿਸਟ੍ਰੀਬਿਊਟਰੀ ਦੀ ਥਾਂ ਪਾਈਪਲਾਈਨ ਵਿਛਾਏ ਜਾਣ ਨਾਲ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਜਨਤਕ ਸੁਰੱਖਿਆ ਵਿੱਚ ਵੀ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਡਿਸਟ੍ਰੀਬਿਊਟਰੀ ਦੀ ਸਫ਼ਾਈ ਅਤੇ ਰੱਖ-ਰਖਾਅ ’ਤੇ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਵਿਕਾਸ ਕਾਰਜ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਗਿੱਦੜਬਾਹਾ ਸ਼ਹਿਰ ਦੇ ਲੋਕਾਂ ਲਈ ਸਾਫ਼-ਸੁਥਰਾ, ਸੁਰੱਖਿਅਤ ਅਤੇ ਸੁਚਾਰੂ ਵਾਤਾਵਰਣ ਯਕੀਨੀ ਬਣਾਉਣ ਵਿੱਚ ਅਹਿਮ ਸਾਬਤ ਹੋਣਗੇ।

ਇਸ ਤੋਂ ਪਹਿਲਾਂ ਵਿਧਾਇਕ ਗਿੱਦੜਬਾਹਾ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਹਲਕੇ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਰਕਾਰ ਅਤੇ ਲੋਕ ਨੁਮਾਇੰਦਿਆਂ ਦਾ ਫਰਜ਼ ਹੈ ਅਤੇ ਲੋਕਾਂ ਲਈ ਕੀਤੇ ਜਾ ਰਹੇ ਵਿਕਾਸ ਤੇ ਭਲਾਈ ਦੇ ਕੰਮ ਕਿਸੇ ’ਤੇ ਅਹਿਸਾਨ ਨਹੀਂ, ਸਗੋਂ ਜਨਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਹਿੱਸਾ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।

ਇਸ ਮੌਕੇ ਨਿਗਰਾਨ ਇੰਜੀਨੀਅਰ ਗਗਨਦੀਪ ਸਿੰਘ ਗਿੱਲ, ਐਕਸੀਅਨ ਜਲ ਸਰੋਤ ਜਗਮੀਤ ਸਿੰਘ ਭਾਕਰ, ਐਸ.ਡੀ.ਓ ਸੁਖਪ੍ਰੀਤ ਸਿੰਘ, ਮਹੇਸ਼ ਪਟਵਾਰੀ, ਪ੍ਰਭਜੋਤ ਸਿੰਘ ਪੈਵੀ ਢਿੱਲੋਂ, ਚੇਅਰਮੈਨ ਟਰੇਡ ਕਮਿਸ਼ਨ ਗਿੱਦੜਬਾਹਾ ਅਸ਼ੋਕ ਬੁੱਟਰ, ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ ਗੌਰਵ ਜੈਨ ਟੀਨੂੰ , ਮੀਤ ਪ੍ਰਧਾਨ ਰੈਸਟੀ ਰੰਧਾਵਾ, ਹਲਕਾ ਸੰਗਠਨ ਇੰਚਾਰਜ ਕਿਰਨਪਾਲ, ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਹਰਦੀਪ ਸਿੰਘ ਭੰਗਾਲ, ਜਗਤਾਰ ਧਾਲੀਵਾਲ, ਲਾਲੀ ਮਾਨ, ਮਿੰਟੂ ਵਾਲੀਆ, ਮਾਧੋ ਦਾਸ, ਕੌਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਦਿਨ-ਦਿਹਾੜੇ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦਾ ਪ੍ਰਤੱਖ ਸਬੂਤ: ਕੇਵਲ ਸਿੰਘ ਢਿੱਲੋਂ

ਆਈ.ਕੇ.ਜੀ ਪੀ.ਟੀ.ਯੂ ਵੱਲੋਂ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਈ.ਸੀ.ਟੀ ਅਕਾਦਮੀ ਨਾਲ ਐਮ.ਓ.ਯੂ ਤੇ ਹਸਤਾਖ਼ਰ

ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਕਲਾਤਮਕ ਸ਼ਰਧਾਂਜਲੀ

ਗੈਂਗਸਟਰਾਂ 'ਤੇ ਵਾਰ ਦਾ 211ਵਾਂ ਦਿਨ: ਪੰਜਾਬ ਪੁਲਿਸ ਵੱਲੋਂ 610 ਥਾਈਂ ਛਾਪੇਮਾਰੀ; 344 ਕਾਬੂ

ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ‘ਈ.ਡੀ. ਪਾਰਟੀ’, ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੁਰਾਣੇ ਜਮਹੂਰੀਅਤ ਵਿਰੋਧੀ ਹਥਕੰਡੇ ਅਪਣਾਏ ਜਾ ਰਹੇ: CM ਮਾਨ

ਟਕਸਾਲੀ ਅਕਾਲੀ ਆਗੂ ਤੇ ਆਲ ਇੰਡੀਆ ਟਾਂਕ ਕਸ਼ੱਤਰੀ ਸਭਾ ਦੇ ਕੌਮੀ ਪ੍ਰਧਾਨ ‘ਆਪ’ 'ਚ ਸ਼ਾਮਲ

ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਵੱਲੋਂ ਕਿਸਾਨਾਂ ਨੂੰ ਵਧੇਰੇ ਮੁਨਾਫ਼ੇ ਲਈ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ

ਹਰਪਾਲ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਕੀਤੀ ਮੀਟਿੰਗ; ਮੰਗਾਂ ਦੇ ਜਲਦ ਹੱਲ ਦਾ ਦਿੱਤਾ ਭਰੋਸਾ

ਟਰਾਂਸਪੋਰਟ ਵਿਭਾਗ ਨੇ ਡੀ.ਐੱਲ. ਅਤੇ ਆਰ.ਸੀ. ਸੇਵਾਵਾਂ ਵਿੱਚ 99% ਤੋਂ ਵੱਧ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ: ਹਰਪਾਲ ਚੀਮਾ