ਲੁਧਿਆਣਾ, 24 ਅਪ੍ਰੈਲ: ਕੈਨੇਡਾ ’ਚ ਪੰਜਾਬਣ ਮੁਟਿਆਰ ਦੀ ਪਾਰਕ ਦੀ ਬੈਂਚ ‘ਤੇ ਬੈਠੀ ਦੀ ਹੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮੁਟਿਆਰ ਦਾ ਨਾਂਅ ਅਨਮੋਲਦੀਪ ਕੌਰ ਹੈ ਅਤੇ ਉਸ ਦੀ ਉਮਰ 24 ਸਾਲ ਦੀ ਸੀ। ਮ੍ਰਿਤਕ ਦਾ ਪਰਿਵਾਰ ਜੋ ਕਿ ਲੁਧਿਆਣਾ ਦੇ ਨਈ ਆਬਾਦੀ ਅਕਾਲਗੜ੍ਹ ਸੁਧਾਰ ਬਾਜ਼ਾਰ ਵਿੱਚ ਰਹਿੰਦਾ ਹੈ ਅਤੇ ਪਰਿਵਾਰ ਮੂਲ ਰੂਪ ਵਿੱਚ ਮਾਣੂਕੇ ਪਿੰਡ ਦਾ ਰਹਿਣ ਵਾਲਾ ਹੈ। ਮ੍ਰਿਤਕ ਮੁਟਿਆਰ ਦਾ ਇੱਕ ਭਰਾ ਦਿਲਪ੍ਰੀਤ ਸਿੰਘ ਹੈ, ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ, ਇਹ ਦੁਖਦਾਈ ਖਬਰ ਸੁਨ ਕੇ ਕੈਨੇਡਾ ਲਈ ਰਵਾਨਾ ਹੋ ਰਿਹਾ ਹੈ।
ਲੁਧਿਆਣਾ ਦੀ ਇੱਕ ਜਵਾਨ ਮੁਟਿਆਰ ਜੋ 2021 ਵਿੱਚ ਕੈਨੇਡਾ ਗਈ ਸੀ। ਇਹ ਘਟਨਾ ਕੈਨੇਡੀਅਨ ਸੂਬੇ ਓਨਟਾਰੀਓ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਮੌਤ ਪਾਰਕ ਦੇ ਬੈਂਚ ‘ਤੇ ਬੈਠਣ ਦੌਰਾਨ ਹੋਈ ਸੀ। ਰਿਪੋਰਟਾਂ ਅਨੁਸਾਰ, ਅਨਮੋਲਦੀਪ ਕੌਰ ਜਾਰਜੀਅਨ ਕਾਲਜ, ਬੈਰੀ ਅਤੇ ਉਸਦੇ ਘਰ ਦੇ ਵਿਚਕਾਰ ਸਥਿਤ ਇੱਕ ਪਾਰਕ ਵਿੱਚ ਆਮ ਵਾਂਗ ਸੈਰ ਕਰਨ ਗਈ ਸੀ। ਇਸ ਦੌਰਾਨ ਜਦੋਂ ਉਹ ਪਾਰਕ ਦੇ ਬੈਂਚ ‘ਤੇ ਬੈਠੀ ਸੀ ਇਸ ਦੌਰਾਨ ਹੀ ਉਸਦੀ ਮੌਤ ਹੋ ਗਈ। ਜਦੋਂ ਪਾਰਕ ਵਿੱਚ ਲੋਕਾਂ ਨੇ ਉਸਨੂੰ ਹਿਲਾਇਆ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਲੋਕਾਂ ਨੇ ਕੈਨੇਡੀਅਨ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ।