- *ਸਪੀਕਰ ਸੰਧਵਾਂ ਨੇ ਕੌਮੀ ਪ੍ਰਧਾਨ ਦਾ ਉਸਦੇ ਸਾਥੀਆਂ ਸਮੇਤ ਕੀਤਾ ਸੁਆਗਤ*
ਕੋਟਕਪੂਰਾ, 19 ਅਗਸਤ :- 15 ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਅਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੀਆਂ ਅਨੇਕਾਂ ਸਰਕਾਰਾਂ ਬਣੀਆਂ, ਬਹੁਤ ਸਾਰੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਬਣੇ ਪਰ ਜੋ ਹਲੀਮੀ, ਨਿਮਰਤਾ, ਆਪਣਾਪਣ ਅਤੇ ਮਿਲਾਪੜਾ ਸੁਭਾਅ ਕੁਲਤਾਰ ਸਿੰਘ ਸੰਧਵਾਂ ਦੇਖਣ ਅਤੇ ਮਹਿਸੂਸ ਕਰਨ ਦਾ ਮੌਕਾ ਮਿਲਿਆ, ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਥਾਨਕ ਦਫਤਰ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਮੌਕੇ ਆਲ ਇੰਡੀਆ ਟਾਂਕ ਕਸ਼ੱਤਰੀ ਪ੍ਰਤੀਨਿਧੀ ਸਭਾ ਦੇ ਕੋਮੀ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਸਮੇਤ ਨਿਰੰਜਨ ਸਿੰਘ ਰੱਖੜਾ, ਮੇਜਰ ਸਿੰਘ ਸਿੱਧੂ ਅਤੇ ਅਨੇਕਾਂ ਹੋਰ ਉੱਘੀਆਂ ਸ਼ਖਸ਼ੀਅਤਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹ ਅੱਧੀ ਸਦੀ ਤੋਂ ਵੀ ਜਿਆਦਾ ਸਮੇਂ ਤੋਂ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਆ ਰਹੇ ਹਨ ਪਰ ਇਸ ਤਰ੍ਹਾਂ ਦੀ ਬਦਲਾਅ ਦੀ ਰਾਜਨੀਤੀ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਕੀਤੀ।
ਜਿਕਰਯੋਗ ਹੈ ਕਿ ਸ਼ਰਨਜੀਤ ਸਿੰਘ ਮੂਕਰ ਦਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ ਤੇ ਉਹਨਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨਾਲ ਪੂਰੀ ਸਰਗਰਮੀ ਦਿਖਾਈ ਪਰ ਹੁਣ ਉਹਨਾਂ ਸਪੀਕਰ ਸੰਧਵਾਂ ਦੇ ਮਿਲਾਪੜੇ ਸੁਭਾਅ ਅਤੇ ‘ਆਪ’ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਨਿਰੰਜਨ ਸਿੰਘ ਰੱਖੜਾ ਨੇ ‘ਆਪ’ ਸਰਕਾਰ ਵੱਲੋਂ ਨਸ਼ਿਆਂ ਅਤੇ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਸਮੇਤ ਬਜੁਰਗਾਂ ਲਈ ਤੀਰਥ ਯਾਤਰਾ ਯੋਜਨਾ ਦੀ ਪ੍ਰਸੰਸਾ ਕੀਤੀ ਤਾਂ ਮੇਜਰ ਸਿੰਘ ਸਿੱਧੂ ਨੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ, ਮੁਫਤ ਬਿਜਲੀ, ਔਰਤਾਂ ਲਈ ਮੁਫਤ ਸਫਰ, ਮਾਵਾਂ-ਧੀਆਂ ਸਤਿਕਾਰ ਯੋਜਨਾ, ਗੁਰਬਾਣੀ ਸੋਧ ਸਤਿਕਾਰ ਐਕਟ, 70 ਹਜਾਰ ਤੋਂ ਜਿਆਦਾ ਬਿਨਾ ਰਿਸ਼ਵਤ ਅਤੇ ਸਿਫਾਰਸ਼ ਤੋਂ ਨੋਕਰੀਆਂ ਆਦਿਕ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਿਨਾ ਮਿਹਨਤ ਕੀਤਿਆਂ ਦੁਬਾਰਾ ਫਿਰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਸੁਭਾਵਿਕ ਹੈ।
ਕੌਮੀ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਅਤੇ ਉਹਨਾ ਦੇ ਸਾਥੀਆਂ ਨੇ ਮੰਨਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅਥਾਹ ਤਾਕਤ ਹੋਣ ਦੇ ਬਾਵਜੂਦ ਵੀ ਕਿਸੇ ਖਿਲਾਫ ਜਿਆਦਤੀ ਕਰਨ ਦੀ ਇਕ ਵੀ ਉਦਾਹਰਨ ਨਹੀਂ ਮਿਲਦੀ, ਜਿਸ ਕਰਕੇ ਲੋਕ ਉਹਨਾ ਨਾਲ ਜੁੜਨ ਵਿੱਚ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਦਾ ਪਾਰਟੀ ਵਿੱਚ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਆਖਿਆ ਕਿ ਉਹਨਾ ਨੂੰ ਪਾਰਟੀ ਵੱਲੋਂ ਬਣਦਾ ਮਾਣ ਸਨਮਾਨ ਮਿਲਦਾ ਰਹੇਗਾ। ਉਂਝ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਬਦਲਾਲਊ ਰਾਜਨੀਤੀ ਕਰਦੀ ਹੈ ਤਾ ਨਾ ਹੀ ਪੱਖਪਾਤ ਜਾਂ ਵਿਤਕਰੇਬਾਜੀ ਵਿੱਚ ਵਿਸ਼ਵਾਸ਼ ਰੱਖਦੀ ਹੈ। ਉਹਨਾ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉਪਰ ਉੱਠ ਕੇ ਵੰਡੀਆਂ ਗਈਆਂ ਹਨ, ਜਿਸ ਕਰਕੇ ਪੰਚਾਇਤੀ ਅਤੇ ਨਗਰ ਕੋਂਸਲ ਦੀਆਂ ਚੋਣਾ ਵਿੱਚ ਲੋਕਾਂ ਨੇ ‘ਆਪ’ ਦੇ 90 ਫੀਸਦੀ ਸਰਪੰਚ, ਜਦਕਿ 75 ਫੀਸਦੀ ਕੋਂਸਲਰ ਚੁਣੇ, ਇਕ ਵੀ ਧੱਕੇਸ਼ਾਹੀ ਦੀ ਉਦਾਹਰਨ ਸਾਹਮਣੇ ਨਹੀਂ ਆਈ।