ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜੁਲਾਈ (ਹਰਜਿੰਦਰ ਸਿੰਘ ਭੱਟੀ): ਤਹਿਸੀਲਦਾਰ-ਕਮ-ਚਾਰਜ ਅਫ਼ਸਰ (ਮਰਦਮਸ਼ੁਮਾਰੀ), ਮੋਹਾਲੀ ਦਿਹਾਤੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਕਰਵਾਏ ਗਏ ਸਾਦਾ ਸਮਾਗਮ ਦੌਰਾਨ ਮੋਹਾਲੀ ਦਿਹਾਤੀ ਦੇ ਮਰਦਮਸ਼ੁਮਾਰੀ ਦੇ ਸੁਪਰਵਾਈਜ਼ਰਾਂ ਅਤੇ ਗਿਣਤਾਕਾਰਾਂ ਨੂੰ ਪਹਿਲੇ ਪੜਾਅ ਦੌਰਾਨ ਦੀਆਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਰਦਮਸ਼ੁਮਾਰੀ ਦਾ ਕੰਮ ਬਹੁਤ ਹੀ ਚੁਣੌਤੀਪੂਰਨ ਸੀ, ਪਰ ਟੀਮ ਦੇ ਹਰ ਮੈਂਬਰ ਨੇ ਪੂਰੀ ਲਗਨ, ਮਿਹਨਤ ਅਤੇ ਟੀਮ ਭਾਵਨਾ ਨਾਲ ਕੰਮ ਕਰਦਿਆਂ 100 ਫ਼ੀਸਦੀ ਟੀਚੇ ਸਫ਼ਲਤਾਪੂਰਵਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਮੁੱਚੀ ਟੀਮ ਦੀ ਵਚਨਬੱਧਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਨਤੀਜਾ ਹੈ।
ਉਨ੍ਹਾਂ ਦੱਸਿਆ ਕਿ ਮਰਦਮਸ਼ੁਮਾਰੀ ਦਾ ਅਗਲਾ ਪੜਾਅ ਆਉਣ ਵਾਲੇ ਨਵੰਬਰ ਮਹੀਨੇ ਵਿੱਚ ਸ਼ੁਰੂ ਹੋਵੇਗਾ, ਜਿਸ ਲਈ ਸਿਖਲਾਈ ਪ੍ਰੋਗਰਾਮ ਜਲਦੀ ਹੀ ਆਰੰਭ ਕੀਤੇ ਜਾਣਗੇ, ਤਾਂ ਜੋ ਅਗਲੇ ਪੜਾਅ ਨੂੰ ਵੀ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਇਸੇ ਸਮਰਪਣ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੋਹਾਲੀ ਦਿਹਾਤੀ ਖੇਤਰ ਦੀ ਮਰਦਮਸ਼ੁਮਾਰੀ ਨਾਲ ਸਬੰਧਤ 70 ਮੈਂਬਰੀ ਟੀਮ, ਜਿਸ ਵਿੱਚ ਸੁਪਰਵਾਈਜ਼ਰ ਅਤੇ ਗਿਣਤਾਕਾਰ ਸ਼ਾਮਲ ਸਨ, ਨੂੰ ਉਨ੍ਹਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਟੀਮ ਨੇ ਮਰਦਮਸ਼ੁਮਾਰੀ ਕਾਰਜ ਦੇ ਪਹਿਲੇ ਪੜਾਅ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ।