AAP ਆਗੂਆਂ ਦੀਆਂ ਹਰਕਤਾਂ ਨਾਲ ਸਮਾਜਕ ਤਾਨਾਬਾਨਾ ਤੋੜਣ ਦੀ ਕੋਸ਼ਿਸ਼, ਘਟਨਾਵਾਂ ਦੀ ਖਤਰਨਾਕ ਲੜੀ ਸਾਹਮਣੇ
ਚੰਡੀਗੜ੍ਹ: ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਘ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਮੂਰਤੀਆਂ ਨਾਲ ਹੋ ਰਹੀਆਂ ਲਗਾਤਾਰ ਤੋੜਫੋੜ ਅਤੇ ਬੇਇਜ਼ਤੀ ਦੀਆਂ ਘਟਨਾਵਾਂ ਇਕੱਲੀਆਂ ਨਹੀਂ ਹਨ, ਸਗੋਂ ਇਹ ਇੱਕ ਸੋਚੀ-ਸਮਝੀ ਅਤੇ ਖਤਰਨਾਕ ਪੈਟਰਨ ਦਾ ਹਿੱਸਾ ਹਨ, ਜਿਸ ਰਾਹੀਂ ਦਲਿਤ ਸਮਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਚੁਘ ਨੇ ਕਿਹਾ ਕਿ ਹੋਸ਼ਿਆਰਪੁਰ ਵਿੱਚ ਜਿੱਥੇ ਇੱਕ ਪਾਸੇ AAP ਦੇ ਵਿਧਾਇਕ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਨਾਲ ਮਾਲਾ ਸਾਂਝੀ ਕਰਕੇ ਘੋਰ ਬੇਅਦਬੀ ਕੀਤੀ ਗਈ, ਉੱਥੇ ਹੀ ਕੁਝ ਸਮੇਂ ਬਾਅਦ ਉਸੇ ਇਲਾਕੇ ਵਿੱਚ ਮੂਰਤੀ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ। ਫਿਲੌਰ ਦੇ ਨੰਗਲ ਪਿੰਡ ਵਿੱਚ ਵੀ ਇੱਕੋ ਮੂਰਤੀ ਨੂੰ ਵਾਰ-ਵਾਰ ਅਪਵਿਤ੍ਰ ਕੀਤਾ ਜਾਣਾ ਇਹ ਦਰਸਾਉਂਦਾ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹੈਰਿਟੇਜ ਸਟ੍ਰੀਟ 'ਤੇ ਗਣਤੰਤਰ ਦਿਵਸ ਦੇ ਦਿਨ ਬਾਬਾ ਸਾਹਿਬ ਦੀ ਮੂਰਤੀ 'ਤੇ ਹਮਲਾ ਅਤੇ ਸੰਵਿਧਾਨ ਦੀ ਪ੍ਰਤਿਕ੍ਰਿਤੀ ਨੂੰ ਸਾੜਨ ਦੀ ਕੋਸ਼ਿਸ਼ ਦੇਸ਼ ਦੀ ਰੂਹ 'ਤੇ ਹਮਲਾ ਹੈ। ਇਸ ਨਾਲ ਨਾਲ ਖਾਲਿਸਤਾਨੀ ਨਾਰੇ ਲਿਖੇ ਜਾਣ ਅਤੇ ਅਤਿਵਾਦੀ ਤੱਤਾਂ ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਹਾਲਾਤ ਨੂੰ ਹੋਰ ਗੰਭੀਰ ਬਣਾਉਂਦੇ ਹਨ।
ਚੁਘ ਨੇ ਕਿਹਾ ਕਿ ਹਾਲ ਹੀ ਵਿੱਚ ਹੋਸ਼ਿਆਰਪੁਰ ਦੀ ਘਟਨਾ ਤੋਂ ਕੁਝ ਹੀ ਦਿਨਾਂ ਬਾਅਦ ਫਾਜ਼ਿਲਕਾ ਵਿੱਚ ਬਾਬਾ ਸਾਹਿਬ ਦੇ ਪੋਸਟਰ ਫਾੜੇ ਗਏ, ਜੋ ਦਰਸਾਉਂਦਾ ਹੈ ਕਿ ਇਹ ਘਟਨਾਵਾਂ ਲਗਾਤਾਰ ਅਤੇ ਤੇਜ਼ੀ ਨਾਲ ਹੋ ਰਹੀਆਂ ਹਨ। ਇਹ ਕੋਈ ਇਤਫਾਕ ਨਹੀਂ, ਸਗੋਂ ਦਲਿਤ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸੋਚੀ-ਸਮਝੀ ਸਾਜ਼ਿਸ਼ ਹੈ।
AAP ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੁਘ ਨੇ ਕਿਹਾ ਕਿ ਜਦੋਂ ਸੱਤਾ ਵਿੱਚ ਬੈਠੇ ਲੋਕ ਖੁਦ ਅਜਿਹੀਆਂ ਹਰਕਤਾਂ ਵਿੱਚ ਸ਼ਾਮਲ ਹੋਣ, ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਨ੍ਹਾਂ AAP ਵਿਧਾਇਕ ਦੀ ਇਸ ਹਰਕਤ ਨੂੰ “ਗੰਭੀਰ ਬੇਅਦਬੀ” ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ ਭਰ ਦੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਚੁਘ ਨੇ ਕਿਹਾ ਕਿ ਭਾਜਪਾ ਇਸ ਤਰ੍ਹਾਂ ਦੇ ਅਪਮਾਨਜਨਕ ਅਤੇ ਦੁਰਭਾਵਨਾਪੂਰਨ ਮੰਸੂਬਿਆਂ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਭਾਜਪਾ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ 'ਤੇ ਉਠਾਏਗੀ ਅਤੇ ਬਾਬਾ ਸਾਹਿਬ ਦੇ ਸਨਮਾਨ ਨਾਲ ਖਿਲਵਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।