ਪਟਿਆਲਾ, 27 ਮਈ: ਪਟਿਆਲਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਜਵਾਨ ਕੁੜੀ ਦੀ ਲਾਸ਼ ਨੀਲੇ ਡਰੰਮ ਵਿੱਚੋਂ ਬਰਾਮਦ ਹੋਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਕਤਲ ਦਾ ਮਾਮਲਾ ਪ੍ਰੇਮ ਸੰਬੰਧਾਂ ਦੇ ਨਾਲ ਜੁੜਿਆ ਹੋ ਸਕਦਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕੁੜੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਆਸ-ਪਾਸ ਦੇ CCTV ਫੁਟੇਜ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਪੁਲਿਸ ਨੂੰ ਸ਼ੱਕ ਹੈ ਕਿ ਕਾਤਲਾਂ ਨੇ ਸ਼ੱਕ ਤੋਂ ਬਚਣ ਲਈ ਲਾਸ਼ ਨੂੰ ਡਰੰਮ ਦੇ ਅੰਦਰ ਭਰ ਦਿੱਤਾ ਅਤੇ ਲਾਲ ਢੱਕਣ ਨਾਲ ਢੱਕ ਦਿੱਤਾ, ਫੇਰ ਇਸ ਨੂੰ ਇੱਕ ਖਾਲੀ ਪਲਾਟ 'ਚ ਸੁੱਟ ਦਿੱਤਾ। ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ। ਕੁੜੀ ਦੇ ਇੱਕ ਹੱਥ 'ਤੇ "ਨੇਹਾ" ਲਿਖਿਆ ਹੋਇਆ ਹੈ, ਜਦੋਂ ਕਿ ਦੂਜੇ ਹੱਥ 'ਤੇ ਦਿਲ ਦਾ ਟੈਟੂ ਹੈ। ਇਸ ਟੈਟੂ ਦੇ ਅੰਦਰ "N" ਅਤੇ "A" ਅੱਖਰ ਉੱਕਰੇ ਹੋਏ ਹਨ। ਔਰਤ ਦੇ ਚਿਹਰੇ 'ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ।