ਅੰਮ੍ਰਿਤਸਰ: ਮਨੀਪੁਰ ਵਿੱਚ ਵਾਪਰ ਰਹੀ ਘਟਨਾਵਾਂ ਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹੈ ਕਿ ਮਨੀਪੁਰ ਦੇ ਕੰਗਪੰਕਪੀ ਜ਼ਿਲ੍ਹੇ ਵਿੱਚ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣਾ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੀ ਵਾਇਰਲ ਵੀਡੀਓ ਨੇ ਸਾਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਮਨੀਪੁਰ ਵਿਚ ਤਿੰਨ ਮਈ ਤੋਂ ਦੋ ਫਿਰਕਿਆ ਵਿੱਚਕਾਰ ਹਿੰਸਾ ਸ਼ੁਰੂ ਹੋਈ ਜਿਸ ਵਿੱਚ 150 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 200 ਤੋਂ ਜ਼ਿਆਦਾ ਜ਼ਖਮੀ ਹੋਏ ਹਨ।
ਬੇਘਰ ਹੋਏ ਹਜ਼ਾਰਾਂ ਲੋਕ ਕੈਪਾਂ ਵਿਚ ਰਹਿ ਰਹੇ ਹਨ। ਘਰ, ਦੁਕਾਨਾਂ, ਵਾਹਨ ਅਤੇ ਧਾਰਮਿਕ ਸਥਾਨ ਜਲਾਏ ਗਏ ਹਨ। ਪੁਲੀਸ ਦੇ ਅਸਲਾਖਾਨਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰ ਲੁੱਟੇ ਗਏ ਹਨ। ਸਰਕਾਰ ਤੋਂ ਸਥਿਤੀ ਕਾਬੂ ਹੇਠ ਨਹੀਂ ਆ ਰਹੀਂ। ਜੰਗਲੀ ਵਾਤਾਵਰਣ ਬਣਿਆ ਹੋਇਆ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਨੇ ਕਿਹਾ ਔਰਤਾਂ ਦੀ ਬੇਪਤੀ ਦਾ ਇਹ ਦ੍ਰਿਸ਼ ਭਿਅੰਕਰ ਅਤੇ ਦਿਲ ਦਹਿਲਾਉਣ ਵਾਲਾ ਹੈ। ਅਜਿਹੀ ਘਟਨਾ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਘੱਟ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਇਸ ਦਾ ਆਪਣੇ ਆਪ ਨੋਟਿਸ ਲਿਆ ਹੈ ਅਤੇ ਅਟਾਰਨੀ ਜਨਰਲ ਤੇ ਸੌਲੀਸਿਟਰ ਜਨਰਲ ਨੂੰ ਬੁਲਾ ਕੇ ਸੰਦੇਸ਼ ਦਿੱਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਨੀਪੁਰ ਵਿਚ ਚੱਲ ਰਹੇ ਹਿੰਸਾ ਦੇ ਦੌਰ ਨੂੰ ਤੁਰੰਤ ਕਾਬੂ ਹੇਠ ਲਿਆਉਣ ਲਈ ਲੋੜੀਂਦੀ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਘਟਨਾ ਨੂੰ ਬੇਹੱਦ ਦੁਖਦ ਦਸਦਿਆਂ ਕਿਹਾ, “ਫਿਰਕੂ ਤਣਾਅ ਵਾਲੇ ਖੇਤਰ ਵਿਚ ਔਰਤਾਂ ਨੂੰ ਹਿੰਸਾ ਭੜਕਾਉਣ ਦੇ ਸਾਧਨ ਵਜੋਂ ਇਸਤੇਮਾਲ ਕੀਤੇ ਜਾਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਸੰਵਿਧਾਨ ਦਾ ਅਪਮਾਨ ਹੈ। ਸੁਪਰੀਮ ਕੋਰਟ ਨੇ ਘਟਨਾ ਨੂੰ ਸੰਵਿਧਾਨ ਦੀ ਭਿਅੰਕਰ ਉਲੰਘਣਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਿਆ ਹੈ।
ਉਨ੍ਹਾਂ ਕਿਹਾ ਮਨੀਪੁਰ ਦੀ ਇਹ ਘਟਨਾ ਬੇਚੈਨੀ ਪੈਦਾ ਕਰਨ ਵਾਲੇ ਮੁੱਦੇ ਉਭਾਰਦੀ ਹੈ, ਪਹਿਲਾਂ ਇਹ ਕਿ ਮਨੁੱਖ ਵਿਚ ਕਿੰਨੀ ਅਣਮਨੁੱਖਤਾ ਮੌਜੂਦ ਹੈ; ਫਿਰਕੂ ਨਫ਼ਰਤ ਉਸ ਨੂੰ ਹੈਵਾਨ ਬਣਾ ਸਕਦੀ, ਦੂਸਰਾ ਮੁੱਦਾ ਪ੍ਰਸ਼ਾਸਨਿਕ ਹੈ ਤੇ ਇਹ ਬਹੁਤ ਚਿੰਤਾਜਨਕ ਹੈ; ਤੀਸਰਾ ਮੁੱਦਾ ਜਬਰ ਦਾ ਮੂੰਹ ਔਰਤਾਂ ਵੱਲ ਹੋਣ ਬਾਰੇ ਹੈ। ਉਨ੍ਹਾਂ ਕਿਹਾ ਕਿ ਦੰਗਿਆ, ਯੁੱਧਾਂ ਅਤੇ ਖੂਨ-ਖਰਾਬੇ ਵਿੱਚ ਔਰਤਾਂ ਨੂੰ ਸ਼ਿਕਾਰ ਬਣਾਉਣਾ ਸਮਾਜ ਵਿਚਲੀ ਹਿੰਸਕ ਮਰਦ-ਪ੍ਰਧਾਨ ਸੋਚ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਇਹ ਵੀ ਧਿਆਨ ਦੇਣ ਯੋਗ ਹੈ ਕਿ ਉੱਥੋਂ ਵਾਪਰੀ ਇਹ ਕੋਈ ਕੱਲਮ-ਕੱਲੀ ਘਟਨਾ ਨਹੀਂ; ਤਿੰਨ ਮਈ ਤੋਂ ਹੋ ਰਹੀਆਂ ਘਟਨਾਵਾਂ ਨੇ ਸੂਬੇ ਵਿਚਲੀ ਭਾਈਚਾਰਕ ਸਾਂਝ ਨੂੰ ਅਕਹਿ ਨੁਕਸਾਨ ਪਹੁੰਚਾਇਆ ਹੈ। ਸੂਬਾ ਸਰਕਾਰ ਅਤੇ ਪੁਲੀਸ ਹਿੰਸਾ `ਤੇ ਕਾਬੂ ਪਾਉਣ ਵਿਚ ਅਸਫਲ ਰਹੀਆਂ ਹਨ।