ਚੰਡੀਗੜ੍ਹ: ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਰਾਜ ਦੇ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਸਾਲ 2026-27 ਲਈ ਬਦਲੀਆਂ ਦਾ ਸ਼ਡਿਊਲ ਤੈਅ ਕਰ ਦਿੱਤਾ ਹੈ।
ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ, ਪੰਜਾਬ ਦੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਆਮ ਬਦਲੀਆਂ 15 ਅਪ੍ਰੈਲ 2026 ਤੋਂ 30 ਮਈ 2026 ਤੱਕ ਕੀਤੀਆਂ ਜਾ ਸਕਣਗੀਆਂ।
ਮੁੱਖ ਨੁਕਤੇ:
ਸਮਾਂ-ਸੀਮਾ: ਬਦਲੀਆਂ ਦਾ ਦੌਰ 15.04.2026 ਤੋਂ 30.05.2026 ਤੱਕ ਰਹੇਗਾ।
ਪੂਰਨ ਰੋਕ: 30 ਮਈ 2026 ਤੋਂ ਬਾਅਦ ਆਮ ਬਦਲੀਆਂ 'ਤੇ ਮੁਕੰਮਲ ਪਾਬੰਦੀ ਹੋਵੇਗੀ।
ਵਿਸ਼ੇਸ਼ ਹਾਲਤਾਂ: ਨਿਰਧਾਰਿਤ ਸਮੇਂ ਤੋਂ ਬਾਅਦ ਜੇਕਰ ਕੋਈ ਬਦਲੀ ਕਰਨੀ ਹੋਵੇਗੀ, ਤਾਂ ਉਹ ਪ੍ਰਸੋਨਲ ਵਿਭਾਗ ਦੀ 23 ਅਪ੍ਰੈਲ 2018 ਦੀ ਪਾਲਿਸੀ ਦੇ ਉਪਬੰਧਾਂ ਅਨੁਸਾਰ ਹੀ ਕੀਤੀ ਜਾ ਸਕੇਗੀ।
ਇਹ ਹੁਕਮ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ/ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਪਾਲਣਾ ਹਿੱਤ ਭੇਜ ਦਿੱਤੇ ਗਏ ਹਨ।